Farmers to get maximum registration for organic farming: Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜੈਵਿਕ ਖੇਤੀ ਲਈ ਕਿਸਾਨ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ: ਡਿਪਟੀ ਕਮਿਸ਼ਨਰ
ਰਜਿਸਟ੍ਰੇਸ਼ਨ ਦੀ ਆਖਰੀ 31 ਜੁਲਾਈ
ਰੂਪਨਗਰ, 20 ਮਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜੈਵਿਕ ਖੇਤੀ ਲਈ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਾਉਣ। ਉਨ੍ਹਾਂ ਦੱਸਿਆ ਕਿ ਇਸ ਰਜਿਸਟ੍ਰੇਸ਼ਨ ਕਰਾਉਣ ਦੀ ਆਖ਼ਰੀ 31 ਜੁਲਾਈ 2023 ਹੈ, ਇਸ ਤੋਂ ਪਹਿਲਾ-ਪਹਿਲਾ ਸਭ ਚਾਹਵਾਨ ਕਿਸਾਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨੁੱਖੀ ਸਰੀਰ ਨੂੰ ਮੌਜੂਦਾ ਸਮੇਂ ਵਿਚ ਰਵਾਇਤੀ ਫਸਲਾਂ ਦੀ ਪੈਦਾਵਾਰ ਲਈ ਖਾਦਾਂ- ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਨਾਲ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨ ਦੁਆਰਾ ਇੱਕ ਹੀ ਝੋਨੇ- ਕਣਕ ਦੇ ਫ਼ਸਲੀ ਚੱਕਰ ਅਪਨਾਉਣ ਕਰਕੇ ਤੱਤਾਂ ਦੀ ਘਾਟ ਆ ਰਹੀ ਹੈ, ਉੱਥੇ ਹੀ ਜ਼ਮੀਨ ਦਾ ਜੈਵਿਕ ਮਾਦਾ ਵੀ ਘੱਟ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤੇ ਕਿਸਾਨਾਂ ਨੇ ਜ਼ਹਿਰ ਮੁਕਤ ਖੇਤੀ, ਜੈਵਿਕ ਖੇਤੀ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਖੇਤੀ ਨੂੰ ਹੋਰ ਪ੍ਰਫੁੱਲਤ ਤੇ ਲਾਹੇਵੰਦ ਕਰਨ ਲਈ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪੰਜਾਬ ਐਗਰੋ ਦੀ ਸ਼ਾਖਾ) ਵੱਲੋਂ 2015 ਤੋਂ ਜੈਵਿਕ ਖੇਤੀ ਦੀ ਪ੍ਰਮਾਣਿਕਤਾ ਦਾ ਕੰਮ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਸਿੱਕਮ ਤੋਂ ਬਾਅਦ ਪੰਜਾਬ ਭਾਰਤ ਦਾ ਦੂਜਾ ਰਾਜ ਹੈ, ਜਿੱਥੇ ਸਰਕਾਰੀ ਵਿਭਾਗ ਵਲੋਂ ਅਪੇਡਾ (ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ) ਦੀ ਤੀਜੀ ਧਿਰ ਦੀ ਜੈਵਿਕ ਖੇਤਾਂ ਦੀ ਸਰਟੀਫੀਕੇਸ਼ਨ ਮੁਫ਼ਤ ਵਿੱਚ ਕੀਤੀ ਜਾਂਦੀ ਹੈ ਅਤੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਇਹ ਸੁਵਿਧਾ ਕਿਸਾਨਾਂ ਨੂੰ ਖੇਤਾਂ ਵਿੱਚ ਪਹੁੰਚ ਕੇ ਮੁਹੱਈਆਂ ਕਰਵਾਉਂਦੀ ਹੈ। ਜਿਸ ਵਿੱਚ ਬਾਇਓ ਇਨਪੁਟ, ਮਿੱਟੀ ਤੇ ਖੇਤ ਨਿਰੀਖਣ ਵੀ ਨਿਗਮ ਵੱਲੋਂ ਬਿਲਕੁਲ ਮੁਫਤ ਕੀਤਾ ਜਾਂਦਾ ਹੈ, ਜਿਸ ਵਿੱਚ ਬਿਜਾਈ ਤੋਂ ਕਟਾਈ ਤੱਕ ਦੀ ਜੈਵਿਕ ਖੇਤੀ ਕਰਨ ਦੇ ਨੁਕਤੇ ਅਤੇ ਮੰਡੀਕਰਣ ਵੀ ਸ਼ਾਮਿਲ ਹੈ।