Farmers should be alert against the attack of locusts in paddy fields – Dr. Satbir Singh
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਕਿਸਾਨ ਝੋਨੇ ਵਿੱਚ ਬੂਟਿਆਂ ਦੇ ਟਿੱਡੇ ਦੇ ਹਮਲੇ ਤੋਂ ਰਹੋ ਸੁਚੇਤ – ਡਾ. ਸਤਬੀਰ ਸਿੰਘ
ਵਧੇਰੇ ਜਾਣਕਾਰੀ ਲਈ ਨਜ਼ਦੀਕੀ ਖੇਤੀਬਾੜੀ ਵਿਭਾਗ ਜਾਂ ਕੇਵੀਕੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ
ਰੂਪਨਗਰ, 17 ਜੁਲਾਈ: ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਸਹਿਯੋਗੀ ਡਾਇਰੈਕਟਰ ਡਾ. ਸਤਬੀਰ ਸਿੰਘ ਨੇ ਕਿਹਾ ਕੇ ਕਿਸਾਨਾਂ ਨੂੰ ਸਮੇਂ-ਸਮੇਂ `ਤੇ ਆਪਣੇ ਖੇਤ ਵਿੱਚ ਚਿੱਟੀ ਪਿੱਠ ਵਾਲੇ ਅਤੇ ਭੁਰੇ ਟਿੱਡਿਆਂ ਦੀ ਮੌਜੂਦਗੀ ਦਾ ਨਿਰੀਖਣ ਸਮੇਂ-ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਝੋਨੇ ਵਿੱਚ ਬੂਟਿਆਂ ਦੇ ਟਿੱਡੇ ਦੇ ਹਮਲੇ ‘ਤੇ ਕੀਤੇ ਜਾ ਰਹੇ ਦਾ ਸਰਵੇਖਣ ਦੌਰਾਨ ਦੇਖਿਆ ਗਿਆ ਕਿ ਰੋਪੜ ਵਿੱਚ ਚਿੱਟੀ ਪਿੱਠ ਵਾਲਾ ਟਿੱਡਾ ਅਤੇ ਭੂਰਾ ਟਿੱਡਾ ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ। ਬੱਚੇ ਅਤੇ ਬਾਲਗ ਟਿੱਡੇ ਜੁਲਾਈ ਤੋਂ ਅਕਤੂਬਰ ਤੱਕ ਬੂਟਿਆਂ ਦਾ ਰਸ ਚੂਸਦੇ ਹਨ। ਕਿਸਾਨਾਂ ਦੇ ਖੇਤਾਂ ਦੇ ਸਰਵੇ ਦੌਰਾਨ ਚਿੱਟੀ ਪਿੱਠ ਵਾਲੇ ਟਿੱਡੇ ਦਾ ਹਮਲਾ ਦੇਖਣ ਨੂੰ ਮਿਲਿਆ ਹੈ।
ਡਾ. ਸਤਬੀਰ ਸਿੰਘ ਨੇ ਦੱਸਿਆ ਕਿ ਖੇਤ ਵਿੱਚੋਂ ਕੁਝ ਪੌਦਿਆਂ ਨੂੰ ਥੋੜ੍ਹਾ ਜਿਹਾ ਝੁਕਾਅ ਕੇ ਪੋਲੇ-ਪੋਲੇ 2-3 ਵਾਰ ਥਾਪੜਨ ਨਾਲ ਤੁਹਾਨੂੰ ਟਿੱਡਿਆਂ ਦੇ ਬੱਚੇ/ ਬਾਲਗ ਪਾਣੀ ਤੇ ਤੈਰਦੇ ਨਜ਼ਰ ਆਉਣਗੇ। ਵੱਧ ਨਾਈਟਰੋਜਨ ਖਾਦ ਪਾਉਣ ਨਾਲ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਵਧੇਰੇ ਹੁੰਦਾ ਹੈ, ਇਸ ਲਈ ਖਾਦਾਂ ਦੀ ਵਰਤੋਂ ਸਿਫ਼ਾਰਿਸ਼ ਅਨੁਸਾਰ ਹੀ ਕਰੋ। ਫ਼ਸਲ ਨੂੰ ਪਾਣੀ ਦੇਣ ਵਾਸਤੇ ਵਿਉਂਤਬੰਦੀ ਬਹੁਤ ਮੱਹਤਵਪੂਰਨ ਹੈ। ਪਨੀਰੀ ਲਾਉਣ ਪਿੱਛੋਂ 2 ਹਫਤੇ ਤੱਕ ਪਾਣੀ ਖੇਤ ਵਿੱਚ ਖੜ੍ਹਾ ਰੱਖਣਾ ਜ਼ਰੂਰੀ ਹੈ। ਇਸ ਪਿੱਛੋਂ ਪਾਣੀ ਉਸ ਵੇਲੇ ਦਿਓ ਜਦੋਂ ਖੇਤ ਵਿੱਚੋਂ ਪਾਣੀ ਜ਼ਜ਼ਬ ਹੋਏ ਨੂੰ 2 ਦਿਨ ਹੋ ਗਏ ਹੋਣ। ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾ ਪੈਣ। ਅਜਿਹਾ ਕਰਨ ਨਾਲ ਇਨ੍ਹਾਂ ਟਿੱਡਿਆਂ ਦਾ ਹਮਲਾ ਘੱਟ ਹੁੰਦਾ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਪੌਦਾ ਸੁਰੱਖਿਆ ਮਾਹਰ ਡਾ: ਉਰਵੀ ਸ਼ਰਮਾ ਨੇ ਕਿਹਾ ਕਿ ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ ਤਕਰੀਬਨ ਮਹੀਨਾ ਕੁ ਪਿੱਛੋਂ ਹਫ਼ਤੇ-ਹਫ਼ਤੇ ਬਾਅਦ ਕੱਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਥਾਪੜੋ/ਝਾੜੋ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਦਿਖਾਈ ਦੇਣ ਤਾਂ 60 ਗ੍ਰਾਮ ਫਲੋਨਿਕਾਮਿਡ (ਉਲਾਲਾ 50 ਡਬਲਯੂ ਜੀ) ਜਾਂ 94 ਮਿਲੀਲਿਟਰ ਟ੍ਰਾਈਫਲੂਮੀਜ਼ੋਪਾਇਰਮ (ਪੈਕਸਾਲੋਨ 10 ਐਸ ਸੀ) ਜਾਂ 80 ਗ੍ਰਾਮ ਡਾਇਨੋਟੈਫੂਰਾਨ (ਟੋਕਨ/ ਓਸ਼ੀਨ/ਡੋਮਿਨੇਂਟ 20 ਐਸ ਜੀ) ਜਾਂ 120 ਗ੍ਰਾਮ ਪਾਈਮੈਟਰੋਜ਼ਿਨ (ਚੈੱਸ 50 ਡਬਲਯੂ ਜੀ) ਜਾਂ 400 ਮਿਲੀਲਿਟਰ ਬੈਂਜ਼ਪਾਇਰੀਮੋਕਸਾਨ (ਆਰਕੈਸਟਰਾ 10 ਐਸ ਸੀ) ਜਾਂ 300 ਮਿਲੀਲਿਟਰ ਫਲੂਪਾਇਰੀਮਿਨ (ਇਮੇਜਿਨ/ਵਿਓਲਾ 10 ਐਸ ਸੀ) ਜਾਂ 800 ਮਿਲੀਲਿਟਰ ਕੁਇਨਲਫਾਸ (ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ) ਆਦਿ ਕਿਸੇ ਇੱਕ ਕੀਟਨਾਸ਼ਕ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਜੇ ਕੀੜੇ ਦਾ ਹਮਲਾ ਦੌਗੀਆਂ/ ਧੋੜੀਆਂ ਵਿੱਚ ਹੋਵੇ ਤਾਂ ਕੀਟਨਾਸ਼ਕ ਦਾ ਛਿੜਕਾਅ ਸਾਰੇ ਖੇਤ ਦੀ ਬਜਾਏ ਅਜਿਹੀਆਂ ਦੌਗੀਆਂ/ ਧੋੜੀਆਂ ਉੱਪਰ ਅਤੇ ਇਨ੍ਹਾਂ ਦੇ ਆਲੇ-ਦੁਆਲੇ 3-4 ਮੀਟਰ ਦੇ ਘੇਰੇ ਅੰਦਰ ਆਉਂਦੇ ਤੰਦਰੁਸਤ ਬੂਟਿਆਂ ਤੇ ਹੀ ਕਰੋ ਕਿਉੰਕਿ ਟਿੱਡਿਆਂ ਦੀ ਜ਼ਿਆਦਾ ਗਿਣਤੀ ਇਨ੍ਹਾਂ ਥਾਵਾਂ ਤੇ ਹੀ ਹੁੰਦੀ ਹੈ। ਸੁਚੱਜੀ ਰੋਕਥਾਮ ਵਾਸਤੇ ਪਿੱਠੂ ਪੰਪ ਅਤੇ ਗੋਲ ਨੋਜ਼ਲ ਦਾ ਇਸਤੇਮਾਲ ਕਰੋ। ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵਧੇਰੇ ਜਾਣਕਾਰੀ ਲਈ ਨਜ਼ਦੀਕੀ ਖੇਤੀਬਾੜੀ ਵਿਭਾਗ ਜਾਂ ਕੇਵੀਕੇ ਨਾਲ ਸੰਪਰਕ ਕਰੋ।