Farmers of the district should adopt fish farming as a subsidiary occupation and increase their income – Deputy Commissioner

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਜ਼ਿਲ੍ਹੇ ਦੇ ਕਿਸਾਨ ਮੱਛੀ ਪਾਲਣ ਨੂੰ ਸਹਾਇਕ ਕਿੱਤੇ ਵਜੋਂ ਅਪਨਾਉਣ ਤੇ ਆਪਣੀ ਆਮਦਨ ‘ਚ ਵਾਧਾ ਕਰਨ- ਡਿਪਟੀ ਕਮਿਸ਼ਨਰ
ਮੱਛੀ ਪਾਲਣ ਦੇ ਚਾਹਵਾਨ ਵਿਅਕਤੀਆਂ ਨੂੰ ਹਰ ਮਹੀਨੇ ਪੰਜ ਦਿਨਾਂ ਦੀ ਦਿੱਤੀ ਜਾਂਦੀ ਹੈ ਮੁਫਤ ਟ੍ਰੇਨਿੰਗ
ਰੂਪਨਗਰ, 24 ਨਵੰਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਨੂੰ ਖੇਤੀਬਾੜੀ ਦੇ ਸਹਾਇਕ ਕਿੱਤੇ ਵਜੋਂ ਅਪਣਾ ਕੇ ਆਪਣੇ ਆਮਦਨ ਦੇ ਸਰੋਤ ਵਧਾਉਣ। ਉਨ੍ਹਾਂ ਕਿਹਾ ਕਿ ਸਰਕਾਰ ਮੱਛੀ ਪਾਲਣ ਦਾ ਕਿੱਤਾ ਅਪਨਾਉਣ ਲਈ 40 ਫ਼ੀਸਦੀ ਸਬਸਿਡੀ ਮੁਹੱਈਆ ਕਰਵਾ ਰਹੀ ਹੈ ਜਿਸ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਮੱਛੀ ਪਾਲਕ ਵਿਕਾਸ ਏਜੰਸੀ ਕਟਲੀ ਰੂਪਨਗਰ ਵਿਖੇ ਹਰ ਮਹੀਨੇ ਮੱਛੀ ਪਾਲਣ ਦੇ ਚਾਹਵਾਨ ਵਿਅਕਤੀਆਂ ਨੂੰ ਪੰਜ ਦਿਨਾਂ ਦੀ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ ਅਤੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆਂ ਕਿ ਸਾਲ 2022-23 ਦੌਰਾਨ ਸਤੰਬਰ 2022 ਤੱਕ ਕੁੱਲ 92 ਵਿਅਕਤੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਇਸ ਸੈਸ਼ਨ ਦੇ ਬਾਕੀ ਰਹਿੰਦੇ ਮਹੀਨਿਆਂ ਵਿੱਚ ਦਿੱਤੀ ਜਾਣ ਵਾਲੀ ਟ੍ਰੇਨਿੰਗ ਦਾ ਸ਼ਡਿਊਲ 05 ਦਸੰਬਰ ਤੋਂ 09 ਦਸੰਬਰ ਤੱਕ, 02 ਜਨਵਰੀ 2023 ਤੋਂ 06 ਜਨਵਰੀ 2023 ਤੱਕ, 20 ਫਰਵਰੀ 2023 ਤੋਂ 24 ਫ਼ਰਵਰੀ 2023 ਤੱਕ, ਅਤੇ 20 ਮਾਰਚ 2023 ਤੋਂ 24 ਮਾਰਚ 2023 ਤੱਕ ਹੋਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ 1732.5 ਏਕੜ ਰਕਬਾ 2021-22 ਤੱਕ ਮੱਛੀ ਪਾਲਣ ਅਧੀਨ ਹੈ ਅਤੇ ਇਸ ਸੈਸ਼ਨ 2022-23 ਦੌਰਾਨ 35 ਏਕੜ ਨਵਾਂ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਮੱਛੀ ਪਾਲਣ ਵਿਭਾਗ ਵੱਲੋਂ ਕਿਸਾਨਾਂ ਨੂੰ ਹਰ ਮਹੀਨੇ ਪੰਜ ਰੋਜਾ ਮੁਫਤ ਟ੍ਰੇਨਿੰਗ, ਤਕਨੀਕੀ ਸਲਾਹ ਜਿਵੇਂ ਕਿ ਜਮੀਨਾਂ ਦੀ ਚੋਣ, ਮੱਛੀ ਤਲਾਬ ਦੀ ਤਿਆਰੀ, ਬਿਜਲੀ ਕੁਨੈਕਸਨ ਦੀ ਸਿਫਾਰਸ, ਮੰਡੀਕਰਨ, ਮੱਛੀ ਕਾਸ਼ਤਕਾਰ ਦਾ ਮੁਫਤ ਬੀਮਾਂ ਅਤੇ ਮਿੱਟੀ ਪਾਣੀ ਦੀ ਪਰਖ ਲਈ ਸਹੂਲਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਵਧੇਰੇ ਜਾਣਕਾਰੀ ਜਾਂ ਅਰਜੀਆਂ ਦੇਣ ਲਈ ਸਹਾਇਕ ਡਾਇਰੈਕਟਰ ਮੱਛੀ ਪਾਲਣ, ਰੂਪਨਗਰ/ ਮੁੱਖ ਕਾਰਜਕਾਰੀ ਅਫ਼ਸਰ, ਮੱਛੀ ਪਾਲਕ ਵਿਕਾਸ ਏਜੰਸੀ, ਰੂਪਨਗਰ ਦੇ ਦਫ਼ਤਰ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।