Farmers can increase their income by adopting fruit-based horticulture: Dr. Raminder Singh Ghuman
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਫਲਦਾਰ ਬਾਗਬਾਨੀ ਅਪਣਾ ਕੇ ਕਿਸਾਨ ਆਪਣੀ ਆਮਦਨ ‘ਚ ਕਰ ਸਕਦੇ ਹਨ ਵਾਧਾ: ਡਾ. ਰਮਿੰਦਰ ਸਿੰਘ ਘੁੰਮਣ
ਰੂਪਨਗਰ, 07 ਅਗਸਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਰੂਪਨਗਰ ਵੱਲੋਂ ਕਿਸਾਨਾਂ ਨੂੰ ਫਲਦਾਰ ਬਾਗਬਾਨੀ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਫਲਦਾਰ ਬੂਟੇ ਲਗਾਉਣ ਸੰਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਦੀ ਸ਼ੁਰੂਆਤ ਕਰਦਿਆਂ ਡੀ.ਈ.ਐਸ. ਫਸਲ ਵਿਗਿਆਨ ਡਾ. ਰਮਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਫਲਦਾਰ ਬਾਗਬਾਨੀ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਦੀ ਹੈ, ਸਗੋਂ ਖੇਤੀ ਵਿੱਚ ਫਸਲੀ ਵਿਭਿੰਨਤਾ ਲਿਆਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਜੁੜ ਕੇ ਫਸਲਾਂ, ਸਬਜ਼ੀਆਂ, ਤੇਲ ਬੀਜਾਂ ਦੀਆਂ ਸੁਧਰੀਆਂ ਕਿਸਮਾਂ ਦੇ ਨਾਲ-ਨਾਲ ਫਲਦਾਰ ਅਤੇ ਜੰਗਲਾਤ ਦੇ ਉੱਨਤ ਬੂਟੇ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਖੇਤੀ ਤੋਂ ਵੱਧ ਤੋਂ ਵੱਧ ਆਰਥਿਕ ਲਾਭ ਹਾਸਲ ਕੀਤਾ ਜਾ ਸਕੇ।
ਇਸ ਮੌਕੇ ਡੀ.ਈ.ਐਸ. ਫਲ ਵਿਗਿਆਨ ਡਾ. ਅਵਨੀਤ ਕੌਰ ਬਰਾੜ ਨੇ ਕਿਸਾਨਾਂ ਨੂੰ ਵਿਗਿਆਨਕ ਢੰਗ ਨਾਲ ਪੱਤਝੜੀ ਫਲਦਾਰ ਬੂਟੇ ਲਗਾਉਣ ਦੀ ਸਹੀ ਵਿਧੀ, ਕੱਟ-ਛਾਂਟ, ਖਾਦ ਪ੍ਰਬੰਧਨ ਅਤੇ ਕੀਟ ਤੇ ਰੋਗਾਂ ਦੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿਗਿਆਨਕ ਤਕਨੀਕਾਂ ਨੂੰ ਅਪਣਾ ਕੇ ਫਲਾਂ ਦੀ ਗੁਣਵੱਤਾ ਅਤੇ ਉਤਪਾਦਨ ਵਿੱਚ ਮਹੱਤਵਪੂਰਨ ਵਾਧਾ ਕੀਤਾ ਜਾ ਸਕਦਾ ਹੈ।
ਇਸ ਕੈਂਪ ਦੌਰਾਨ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਫਲਦਾਰ ਬੂਟੇ, ਜਿਨ੍ਹਾਂ ਵਿੱਚ ਅੰਬ, ਕਿੰਨੂ, ਅਮਰੂਦ ਅਤੇ ਆਲੂਬੁਖਾਰਾ ਸ਼ਾਮਲ ਸਨ, ਵੀ ਮੁਹੱਈਆ ਕਰਵਾਏ ਗਏ।
ਇਸ ਮੌਕੇ ਪਿੰਡ ਦੇ ਸਰਪੰਚ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਕੈਂਪ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਉਂਦੇ ਹਨ।
ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਕਿਸਾਨਾਂ ਨੇ ਵਿਗਿਆਨੀਆਂ ਨਾਲ ਆਪਣੀਆਂ ਖੇਤੀਬਾੜੀ ਨਾਲ ਸਬੰਧਤ ਸਮੱਸਿਆਵਾਂ ਅਤੇ ਸਵਾਲਾਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ। ਅੰਤ ਵਿੱਚ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਜਾਰੀ ਕੀਤੀਆਂ ਵਿਗਿਆਨਕ ਸਿਫ਼ਾਰਸ਼ਾਂ ਅਪਣਾਉਣ ਦੀ ਅਪੀਲ ਕੀਤੀ ਗਈ।