Eliminating the difference between boys and girls is essential for the progress of society – Civil Surgeon

ਸਮਾਜ ਦੀ ਤਰੱਕੀ ਲਈ ਲੜਕੇ-ਲੜਕੀ ਵਿਚਲੇ ਫਰਕ ਨੂੰ ਖਤਮ ਕਰਨਾ ਜ਼ਰੂਰੀ – ਸਿਵਲ ਸਰਜਨ
ਸਿਵਲ ਸਰਜਨ ਦਫਤਰ ਵਿਖੇ ਨਵ-ਜਨਮੀਆਂ ਧੀਆਂ ਦੀ ਲੋਹੜੀ ਮਨਾਈ
ਰੂਪਨਗਰ, 13 ਜਨਵਰੀ: ਸਿਹਤ ਵਿਭਾਗ ਰੂਪਨਗਰ ਵੱਲੋਂ ਪੀ.ਸੀ.ਪੀ.ਐਨ.ਡੀ.ਟੀ. ਅਧੀਨ ਕੰਨਿਆ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਲਈ ਹਰ ਸਾਲ ਦੀ ਤਰ੍ਹਾਂ ਦਫਤਰ ਸਿਵਲ ਸਰਜਨ ਰੂਪਨਗਰ ਵਿਖੇ ਨਵ-ਜਨਮੀਆਂ ਧੀਆਂ ਦੀ ਲੋਹੜੀ ਮਨਾਈ ਗਈ।
ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ.ਤਰਸੇਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਲੜਕੀਆਂ ਤੋਂ ਬਿਨਾਂ ਅਧੂਰਾ ਹੈ ਅਤੇ ਸਾਨੂੰ ਲੜਕੀਆਂ ਦਾ ਪੂਰਾ ਮਾਣ ਤੇ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਰੀ ਤੋਂ ਬਿਨਾਂ ਸਮਾਜ ਦੀ ਕਲਪਨਾ ਕਰਨਾ ਸੰਭਵ ਨਹੀਂ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ-ਲੜਕਿਆਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਹਰ ਵਾਰ ਮੌਕਾ ਮਿਲਣ ਤੇ ਵਿਸ਼ਵ ਪੱਧਰ ਤੇ ਲੜਕੀਆਂ ਨੇ ਨਾਮਣਾ ਖੱਟਿਆ ਹੈ, ਜਿਵੇਂ ਕਿ ਮਦਰ ਟਰੇਸਾ, ਸੁਨੀਤਾ ਵਿਲੀਅਮ, ਕਲਪਨਾ ਚਾਵਲਾ, ਪੀ.ਟੀ. ਊਸ਼ਾ, ਕਿਰਨਬੇਦੀ ਅਤੇ ਪੀ.ਵੀ ਸਿੰਧੂ ਵਰਗੀਆਂ ਹਜ਼ਾਰਾਂ ਲੜਕੀਆਂ ਇਸ ਗੱਲ ਦੀ ਮਿਸਾਲ ਹਨ। ਸਾਨੂੰ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਪਿਆਰ ਕਰਨਾ ਚਾਹੀਦਾ ਹੈ ਅਤੇ ਉੱਚ ਵਿੱਦਿਆ ਸਹਿਤ ਚੰਗਾ ਪਾਲਣ-ਪੋਸ਼ਣ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹਰ ਮੌਕਾ ਦੇਣਾ ਚਾਹੀਦਾ ਹੈ।
ਡਿਪਟੀ ਮਾਸ ਮੀਡੀਆ ਅਫਸਰ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੁੜੀਆਂ ਨੂੰ 05 ਸਾਲ ਦੀ ਉਮਰ ਤੱਕ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਲੋੜ ਪੈਣ ਤੇ ਲੋਕਾਂ ਨੂੰ ਆਪਣੀਆਂ ਬੱਚੀਆਂ ਦੇ ਇਲਾਜ ਲਈ ਇਹ ਸਹੂਲਤ ਦਾ ਪੂਰਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।
ਇਸ ਮੌਕੇ ਸਿਵਲ ਸਰਜਨ ਰੂਪਨਗਰ ਅਤੇ ਸਮੂਹ ਪ੍ਰੋਗਰਾਮ ਅਫਸਰਾਂ ਵੱਲੋਂ ਸਿਵਲ ਹਸਪਤਾਲ ਰੂਪਨਗਰ ਵਿਖੇ ਜਨਮੀਆਂ ਲਗਭਗ 15 ਨਵ-ਜਨਮੀਆਂ ਧੀਆਂ ਨੂੰ ਬੇਬੀ ਬਾਥ ਕਿੱਟ, ਗਰਮ ਕੰਬਲ, ਗਰਮ ਸੂਟ ਅਤੇ ਲੋਹੜੀ ਦਾ ਸਮਾਨ ਭੇਂਟ ਕੀਤਾ ਗਿਆ ਤੇ ਸਟਾਫ ਮੈਂਬਰਾ ਨੂੰ ਵੀ ਲੋਹੜੀ ਵੰਡੀ ਗਈ।
ਉਨ੍ਹਾਂ ਨਵਜਨਮੀਆਂ ਧੀਆਂ ਦੇ ਮਾਪਿਆਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਆਪਣੀਆਂ ਲੜਕੀਆਂ ਨੂੰ ਬੋਝ ਨਾ ਸਮਝ ਕੇ ਲੜਕਿਆਂ ਵਾਂਗ ਪਿਆਰ ਕਰਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਮੌਕਾ ਦੇਣ। ਇਸ ਮੌਕੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਦੇ ਗਰੁੱਪ ਵੱਲੋਂ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਸਿਵਲ ਸਰਜਨ ਰੂਪਨਗਰ ਵੱਲੋਂ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ, ਐਸ.ਐਮ.ਓ. ਡਾ. ਅਮਰਜੀਤ ਸਿੰਘ, ਐਸ.ਐਮ.ਓ. ਸਿਵਲ ਹਸਪਤਾਲ ਰੂਪਨਗਰ ਡਾ. ਉਪਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੋਲੀ ਸਿੰਗਲਾ, ਡਿਪਟੀ ਮਾਸ ਮੀਡੀਆ ਅਫਸਰ ਰੀਤੂ, ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼, ਪੀਐਨਡੀਟੀ ਅਸਿਸਟੈਂਟ ਖੁਸ਼ਹਾਲ ਸਿਵਲ ਸਰਜਨ ਦਫਤਰ ਦੇ ਸਮੂਹ ਸਟਾਫ ਮੈਂਬਰ ਅਤੇ ਆਮ ਲੋਕ ਹਾਜ਼ਰ ਸਨ।