• Site Map
  • Accessibility Links
  • English
Close

Early detection and timely treatment essential for prevention of hepatitis: Dr. Balwinder Kaur

Publish Date : 28/07/2025
Early detection and timely treatment essential for prevention of hepatitis: Dr. Balwinder Kaur

ਛੇਤੀ ਪਛਾਣ ਅਤੇ ਸਮੇਂ ਸਿਰ ਇਲਾਜ ਹੈਪੇਟਾਈਟਸ ਤੋਂ ਬਚਾਅ ਲਈ ਜਰੂਰੀ: ਡਾ. ਬਲਵਿੰਦਰ ਕੌਰ

“ਵਿਸ਼ਵ ਹੈਪੇਟਾਈਟਸ ਦਿਵਸ” ਸੰਬੰਧੀ ਮੌਕੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੀਤਾ ਗਿਆ ਜਾਗਰੂਕ

ਰੂਪਨਗਰ, 28 ਜੁਲਾਈ: ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਸਿਵਲ ਸਰਜਨ ਡਾ. ਬਲਵਿੰਦਰ ਕੌਰ ਦੀ ਅਗਵਾਈ ਹੇਠ “ਵਿਸ਼ਵ ਹੈਪੇਟਾਈਟਸ ਦਿਵਸ” ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਇਸ ਮੌਕੇ ਤੇ ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ 28 ਜੁਲਾਈ ਨੂੰ ਹੈਪਟਾਈਟਸ ਦਿਵਸ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਵਾਰ ਇਸ ਦਿਵਸ ਨੂੰ“ਹੈਪੇਟਾਈਟਸ, ਆਓ ਇਸਨੂੰ ਤੋੜ ਦੇਈਏ” ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ।

ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬੀਮਾਰੀ ਹੈ ਜੋ ਕਿ ਵਾਇਰਸ ਕਾਰਨ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਪੰਜ ਤਰਾਂ ਦਾ ਹੁੰਦਾ ਹੈ ਜਿਸ ਵਿੱਚ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਹਨ। ਹੈਪੇਟਾਈਟਸ ਏ ਅਤੇ ਈ ਕਿਸਮ ਦੂਸ਼ਿਤ ਪਾਣੀ ਤੇ ਗਲੇ ਸੜੇ ਫਲ ਖਾਣ ਨਾਲ ਤੇ ਮੱਖੀਆਂ ਦੁਆਰਾ ਦੂਸ਼ਿਤ ਕੀਤੇ ਭੋਜਨ ਖਾਣ ਅਤੇ ਬਿਨਾਂ ਹੱਥ ਧੋਤੇ ਭੋਜਨ ਖਾਣ ਨਾਲ ਹੁੰਦੀ ਹੈ। ਇਸ ਬਿਮਾਰੀ ਦੇ ਮੁੱਖ ਲੱਛਣਾਂ ਵਿੱਚ ਹਲਕਾ ਬੁਖਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ, ਭੁੱਖ ਨਾ ਲੱਗਣਾ, ਵਾਰ-ਵਾਰ ਉਲਟੀਆਂ ਆਉਣਾ, ਪਿਸ਼ਾਬ ਦਾ ਰੰਗ ਪੀਲਾ ਹੋਣਾ, ਕਮਜ਼ੋਰੀ ਮਹਿਸੂਸ ਹੋਣਾ ਅਤੇ ਜਿਗਰ ਦਾ ਖ਼ਰਾਬ ਹੋਣਾ ਆਦਿ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਹੈਪੇਟਾਈਟਸ ਏ ਅਤੇ ਈ ਤੋਂ ਬਚਾਅ ਲਈ ਪਾਣੀ ਨੂੰ ਕਿਸੇ ਸਾਫ਼-ਸੁਥਰੀ ਥਾਂ ਜਾਂ ਉਬਾਲ ਕੇ ਠੰਢਾ ਕਰ ਕੇ ਪੀਣਾ ਚਾਹੀਦਾ ਹੈ। ਪੀਣ ਵਾਲੇ ਪਾਣੀ ਨੂੰ ਸਾਫ਼ ਬਰਤਨ ਵਿੱਚ ਢੱਕ ਕੇ ਰੱਖੋ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਨਾ ਕਰਨ ਦੇ ਨਾਲ-ਨਾਲ ਖੇਤਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਡਰੰਮ ਅਤੇ ਕੰਟੇਨਰਾਂ ਨੂੰ ਨਹਿਰਾਂ ਜਾਂ ਪੀਣ ਵਾਲੇ ਪਾਣੀ ਵਿੱਚ ਨਾ ਧੋਵੋ। ਅਜਿਹਾ ਕਰਨ ਨਾਲ ਪਾਣੀ ਮਨੁੱਖ ਦੇ ਪੀਣ ਯੋਗ ਨਹੀਂ ਰਹਿੰਦਾ। ਉਨ੍ਹਾਂ ਦੱਸਿਆ ਕਿ ਬੱਚਿਆ ਨੂੰ ਹੈਪੇਟਾਈਟਸ ਬੀ ਦੀ ਬਿਮਾਰੀ ਤੋਂ ਬਚਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਟੀਕਾਕਰਨ ਕੀਤਾ ਜਾਂਦਾ ਹੈ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ ਨੇ ਦੱਸਿਆ ਕਿ ਹਰ ਸਾਲ ਵਿਸ਼ਵ ਵਿੱਚ ਲੱਖਾਂ ਲੋਕ ਹੈਪੇਟਾਈਟਸ (ਕਾਲਾ ਪੀਲੀਆ) ਬਿਮਾਰੀ ਨਾਲ ਆਪਣੀ ਜਾਨ ਗਵਾ ਬੈਠਦੇ ਹਨ ਜਦੋਂ ਕਿ ਇਸ ਬਿਮਾਰੀ ਦਾ ਸਹੀ ਸਮੇਂ ਤੇ ਜਾਂਚ ਕਰਵਾ ਕੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਤੇ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਬੀ ਤੇ ਸੀ ਦੂਸ਼ਿਤ ਖੂਨ ਚੜਾਉਣ ਨਾਲ, ਨਸ਼ੇ ਦੇ ਆਦਿ ਲੋਕਾਂ ਵੱਲੋਂ ਸਾਂਝੀਆ ਸੂਈਆਂ ਵਰਤਨ ਨਾਲ, ਟੈਟੁ ਬਨਵਾਉਣ ਨਾਲ, ਗ੍ਰਸਤ ਮਾਂ ਤੋ ਬੱਚੇ ਨੂੰ, ਗ੍ਰਸਤ ਵਿਅਕਤੀਆ ਨਾਲ ਸਰੀਰਿਕ ਸਬੰਧ ਬਨਾਉਣ ਨਾਲ ਹੋ ਸਕਦੀ ਹੈ।

ਇਸ ਬੀਮਾਰੀ ਤੋਂ ਬਚਾਅ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸੂਈਆਂ ਦਾ ਸਾਂਝਾ ਇਸਤਮਾਲ ਨਾ ਕਰੋ, ਮਨਜੂਰਸ਼ੁਦਾ ਬਲੱਡ ਬੈਂਕ ਤੋਂ ਖੂਨ ਲਗਵਾਉਣਾ, ਟੈਟੂ ਨਾ ਬਣਵਾਓ ਅਤੇ ਇਸਦੇ ਨਾਲ ਹੀ ਇਹ ਧਿਆਨ ਰੱਖੋ ਕਿ ਖਾਣ-ਪੀਣ ਦੀਆਂ ਵਸਤਾਂ ਤਾਜੀਆਂ ਤੇ ਸਾਫ ਹੋਣ ਅਤੇ ਸਾਫ ਪਾਣੀ ਦੀ ਵਰਤੋਂ ਕਰਨਾ ਆਦਿ ਤਰੀਕਿਆਂ ਨਾਲ ਹੈਪੇਟਾਈਟਸ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ, ਐਸਐਮਓ ਡਾ. ਉਪਿੰਦਰ ਸਿੰਘ, ਡੀਪੀਐਮ ਡੋਲੀ ਸਿੰਗਲਾ, ਮਾਸ ਮੀਡੀਆ ਅਫਸਰ ਰਾਜ ਰਾਣੀ,ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ ਤੇ ਰਿਤੂ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ ਆਦਿ ਹਾਜ਼ਰ ਸਨ।