Dr. Preeti Yadav reviews agricultural machinery
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਾ. ਪ੍ਰੀਤੀ ਯਾਦਵ ਨੇ ਖੇਤੀਬਾੜੀ ਮਸ਼ੀਨਰੀ ਦੀ ਸਮੀਖਿਆ ਕੀਤੀ
ਨੋਡਲ ਅਫਸਰ ਨੂੰ ਝੋਨੇ ਦੀ ਪਰਾਲੀ ਦੇ ਸਬੰਧੀ ਰਿਪੋਰਟ ਰੋਜ਼ਾਨਾ ਸਵੇਰੇ ਪੇਸ਼ ਕਰਨ ਦੀ ਹਦਾਇਤ
ਰੂਪਨਗਰ, 5 ਅਕਤੂਬਰ: ਝੋਨੇ ਦੀ ਰਹਿੰਦ-ਖੁੰਹਦ (ਪਰਾਲੀ) ਦੇ ਸਚੁੱਜੇ ਪ੍ਰਬੰਧ ਨੂੰ ਯਕੀਨੀ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੱਖ-ਵੱਖ ਬਲਾਕਾਂ ਵਿਚ ਤਾਇਨਾਤ ਕੀਤੇ ਨੋਡਲ ਤੇ ਕਲਸਟਰ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਵਲੋਂ ਕੀਤੇ ਗਏ ਕਾਰਜਾਂ ਦੀ ਰਿਪੋਰਟ ਉਹ ਰੋਜ਼ਾਨਾ ਸਵੇਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਚ ਪੇਸ਼ ਕਰਨਗੇ।
ਅੱਜ ਸਵੇਰੇ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਬਲਾਕਾਂ ਵਿਚ ਉਪਲੱਬਧ ਖੇਤੀਬਾੜੀ ਮਸ਼ੀਨਰੀ ਦੀ ਸਮੀਖਿਆ ਕੀਤੀ ਅਤੇ ਸਬ-ਡਵੀਜ਼ਨਲ ਮੈਜੀਸਟ੍ਰੇਟਾਂ ਨੂੰ ਆਦੇਸ਼ ਜਾਰੀ ਕੀਤੇ ਕਿ ਕਿਸਾਨਾਂ ਨੂੰ ਉਪਲੱਬਧ ਮਸ਼ੀਨਰੀ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਮਸ਼ੀਨਾਂ ਦੀ ਮੈਪਿੰਗ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਖੇਤੀਬਾੜੀ ਮਾਹਿਰਾਂ ਵਲੋਂ ਸਿਫਾਰਸ਼ ਕੀਤੀਆਂ ਗਈਆਂ ਮਸ਼ੀਨਰੀ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾ ਸਕੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨ ਹਿੱਤ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ ਜਿਸ ਲਈ ਇਹ ਸਾਡੀ ਸਾਰਿਆਂ ਦੀ ਸਾਂਝੀ ਅਤੇ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕੁਦਰਤ ਵਲੋਂ ਬਖਸ਼ੇ ਹੋਏ ਖੂਬਸੂਰਤ ਅਤੇ ਸਾਫ-ਸੁੱਥਰੇ ਵਾਤਾਵਰਣ ਨੂੰ ਸੁਰੱਖਿਅਤ ਕਰਨ ਅਤੇ ਆਪਣੇ ਬੱਚਿਆਂ ਅਤੇ ਪਰਿਵਾਰਾਂ ਦੇ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਪਰਾਲੀ ਸਾੜਨ ਤੋਂ ਬਚੀਏ।
ਉਨ੍ਹਾਂ ਕਲਸਟਰ ਅਤੇ ਨੋਡਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਮੁਕੰਮਲ ਤੌਰ ਉਤੇ ਕਾਬੂ ਕਰਨ ਅਤੇ ਹਰ ਪੱਧਰ ਉਤੇ ਕਿਸਾਨਾਂ ਦਾ ਸਹਿਯੋਗ ਕਰਨ ਅਤੇ ਖੇਤੀਬਾੜੀ ਵਿਭਾਗ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਦੱਸਣ।
ਉਨ੍ਹਾਂ ਉਪ ਮੰਡਲ ਮੈਜਿਸਟਰੇਟਾਂ, ਜ਼ਿਲ੍ਹੇ ਵਿੱਚ ਲਗਾਏ ਗਏ ਕਲੱਸਟਰ ਅਫ਼ਸਰਾਂ, ਨੋਡਲ ਅਫ਼ਸਰਾਂ ਨੂੰ ਕਿਹਾ ਕਿ ਉਹ ਜ਼ਮੀਨੀ ਪੱਧਰ ਤੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਰਾਬਤਾ ਕਰਨ ਅਤੇ ਖ਼ੇਤੀਬਾੜੀ ਵਿਭਾਗ ਵੱਲੋਂ ਉਪਲਬਧ ਕਰਵਾਈ ਗਈ ਮਸ਼ੀਨਰੀ ਦੀ ਸੁਚੱਜੀ ਵਰਤੋਂ ਬਾਰੇ ਦੱਸਣ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਰਦੀਪ ਸਿੰਘ ਗੁਜਰਾਲ, ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ, ਐਸ.ਡੀ.ਐਮ ਸ਼੍ਰੀ ਅਨੰਦਪੁਰ ਸਾਹਿਬ ਮਨਦੀਪ ਸਿੰਘ ਢਿੱਲੋਂ, ਐਸ.ਡੀ.ਐਮ ਰੂਪਨਗਰ ਸ. ਹਰਬੰਸ ਸਿੰਘ, ਐਸ.ਡੀ.ਐਮ ਮੋਰਿੰਡਾ ਸ਼੍ਰੀ ਦੀਪਾਂਕਰ ਗਰਗ, ਐਸ.ਡੀ.ਐਮ ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ, ਐਸ.ਪੀ. ਸ਼੍ਰੀ ਤਰੁਣ ਰਤਨ, ਡੀ.ਐਸ.ਪੀ ਤ੍ਰਿਲੋਚਨ ਸਿੰਘ, ਡੀ.ਐਸ.ਪੀ ਮਨਜੀਤ ਸਿੰਘ ਔਲਖ, ਡੀ.ਐਸ.ਪੀ. ਜਰਨੈਲ ਸਿੰਘ, ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਸ. ਬਲਜਿੰਦਰ ਸਿੰਘ ਗਰੇਵਾਲ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ, ਖੇਤੀਬਾੜੀ ਅਫਸਰ ਪੰਕਜ ਸਿੰਘ, ਕਾਰਜਸਾਧਕ ਅਫਸਰ ਰੂਪਨਗਰ ਮਨਜੀਤ ਸਿੰਘ ਢੀਂਡਸਾ, ਡੀ.ਐਫ.ਓ. ਬਲਜਿੰਦਰ ਸਿੰਘ ਅਤੇ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓਜ਼, ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ, ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।