District Resource Group training workshop on School Health and Wellness Program organized in Rupnagar district
ਜਿਲ੍ਹਾ ਰੂਪਨਗਰ ਵਿਖੇ ਸਕੂਲ ਹੈਲਥ ਐਂਡ ਵੈਲਨੈੱਸ ਪ੍ਰੋਗਰਾਮ ਸਬੰਧੀ ਜ਼ਿਲ੍ਹਾ ਰਿਸੋਰਸ ਗਰੁੱਪ ਦੀ ਸਿਖਲਾਈ ਵਰਕਸ਼ਾਪ ਆਯੋਜਿਤ
ਰੂਪਨਗਰ, 17 ਅਕਤੂਬਰ: ਸਿਵਲ ਸਰਜਨ ਦਫ਼ਤਰ ਰੂਪਨਗਰ ਵਿਖੇ ਅੱਜ ਸਕੂਲ ਹੈਲਥ ਐਂਡ ਵੈਲਨੈੱਸ ਪ੍ਰੋਗਰਾਮ ਦੇ ਤਹਿਤ ਜ਼ਿਲ੍ਹਾ ਰਿਸੋਰਸ ਗਰੁੱਪ ਲਈ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੇ ਕੀਤੀ। ਇਹ ਸਿਖਲਾਈ ਪ੍ਰੋਗਰਾਮ ਮਿਤੀ 13 ਤੋਂ 15 ਅਕਤੂਬਰ ਤੱਕ ਆਨਲਾਈਨ ਮੋਡ ਅਤੇ ਮਿਤੀ 17 ਅਕਤੂਬਰ ਨੂੰ ਆਫਲਾਈਨ ਮੋਡ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਆਰਬੀਐਸਕੇ ਦੀਆਂ ਮੋਬਾਈਲ ਟੀਮਾਂ ਦੇ ਡਾਕਟਰਾਂ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਬਤੌਰ ਭਾਗੀਦਾਰ ਹਿੱਸਾ ਲਿਆ।
ਡਾ. ਸੁਖਵਿੰਦਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਕੂਲ ਹੈਲਥ ਐਂਡ ਵੈਲਨੈੱਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਦੇ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ‘ਤੇ ਸਿਹਤਮੰਦ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸਿਹਤ ਸੰਬੰਧੀ ਸਹੀ ਜਾਣਕਾਰੀ ਤੇ ਆਦਤਾਂ ਪੈਦਾ ਕਰਨ ਨਾਲ ਭਵਿੱਖ ਦੀ ਸਿਹਤਮੰਦ ਪੀੜ੍ਹੀ ਤਿਆਰ ਹੋਵੇਗੀ। ਉਨ੍ਹਾਂ ਜੋੜਿਆ ਕਿ ਜ਼ਿਲ੍ਹਾ ਰਿਸੋਰਸ ਗਰੁੱਪ ਦਾ ਕੰਮ ਸਕੂਲ ਅਧਿਆਪਕਾਂ ਨੂੰ ਹੈਲਥ ਐਂਡ ਵੈਲਨੈੱਸ ਐਜੁਕੇਟਰ ਵਜੋਂ ਤਿਆਰ ਕਰਨਾ ਹੈ, ਜੋ ਫਿਰ ਵਿਦਿਆਰਥੀਆਂ ਨੂੰ ਵੱਖ-ਵੱਖ ਸਿਹਤ ਵਿਸ਼ਿਆਂ ਤੇ ਸਵੇਚੇਤ ਕਰਨਗੇ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਅਧੀਨ ਸਕੂਲ ਪੱਧਰ ‘ਤੇ ਹੈਲਥ ਐਂਡ ਵੈਲਨੈੱਸ ਕਲੱਬ ਬਣਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਬੱਚਿਆਂ ਨੂੰ ਸਾਫ਼-ਸੁਥਰਾਈ, ਮਾਨਸਿਕ ਸਿਹਤ, ਨਸ਼ਾ ਮੁਕਤੀ, ਪੋਸ਼ਣ, ਟੀਕਾਕਰਨ ਅਤੇ ਪ੍ਰਜਨਨ ਸਿਹਤ ਜਿਹੇ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਤੇ ਸਿੱਖਿਆ ਵਿਭਾਗ ਦੇ ਸਾਂਝੇ ਉਪਰਾਲਿਆਂ ਨਾਲ ਇਹ ਪ੍ਰੋਗਰਾਮ ਬੱਚਿਆਂ ਦੇ ਚੌਂਮੁੱਖੀ ਵਿਕਾਸ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ।
ਪਟਿਆਲਾ ਤੋਂ ਡਾ. ਵੀਨਾ ਅਰੋੜਾ ਅਤੇ ਡਾ. ਸਚਿਨ ਆਰਬੀਐਸ ਕੇ ਐਮ ਓ ਨੇ ਸਿਖਲਾਈ ਦੇ ਤਕਨੀਕੀ ਪਹਿਲੂਆਂ ਤੇ ਰੋਸ਼ਨੀ ਪਾਈ ਅਤੇ ਦੱਸਿਆ ਕਿ ਰਿਸੋਰਸ ਗਰੁੱਪ ਦੇ ਮੈਂਬਰਾਂ ਨੂੰ ਸਕੂਲ ਹੈਲਥ ਪ੍ਰੋਗਰਾਮ ਦੀਆਂ ਦਿਨ-ਪ੍ਰਤੀ-ਦਿਨ ਗਤੀਵਿਧੀਆਂ ਦੀ ਮਾਨੀਟਰਿੰਗ ਅਤੇ ਰਿਪੋਰਟਿੰਗ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸਿਖਲਾਈ ਰਿਸੋਰਸ ਪੁਰਸ਼ ਤੇ ਮਹਿਲਾਵਾਂ ਅੱਗੇ ਚੱਲ ਕੇ ਬਲਾਕ ਤੇ ਸਕੂਲ ਪੱਧਰ ‘ਤੇ ਅਧਿਆਪਕਾਂ ਦੀ ਸਮਰੱਥਾ ਵਧਾਉਣ ਲਈ ਵਰਕਸ਼ਾਪਾਂ ਕਰਵਾਉਣਗੇ।
ਇਸ ਮੌਕੇ ਵਿਭਾਗੀ ਵਿਸ਼ੇਸ਼ ਵੱਲੋਂ ਪੋਸ਼ਣ, ਸਰੀਰਕ ਕਸਰਤ, ਮਾਨਸਿਕ ਸਿਹਤ, ਮਹਾਵਾਰੀ ਸਿਹਤ ਅਤੇ ਕਿਸ਼ੋਰਾਵਸਥਾ ਦੇ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ। ਸਭ ਮੈਂਬਰਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਿਹਤਮੰਦ ਬੱਚੇ ਹੀ ਸਿਹਤਮੰਦ ਸਮਾਜ ਦੀ ਨੀਂਹ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹਰ ਸਕੂਲ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਨੂੰ ਸਿਹਤ ਸਬੰਧੀ ਜਾਣਕਾਰੀ ਨਾਲ ਨਾਲ ਸਹੀ ਜੀਵਨ ਸ਼ੈਲੀ ਦੀ ਪ੍ਰੇਰਣਾ ਮਿਲੇ।
ਟ੍ਰੇਨਿੰਗ ਸੈਸ਼ਨ ਪੂਰਾ ਹੋਣ ਉਪਰੰਤ ਸਮੂਹ ਪ੍ਰਤੀਭਾਗੀਆ ਨੂੰ ਸਿਵਿਲ ਸਰਜਨ ਰੂਪਨਗਰ ਵੱਲੋਂ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰੀਤੂ ਅਤੇ ਰਵਿੰਦਰ ਸਿੰਘ, ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ, ਆਰਬੀਐਸ ਕੇ ਕੋਆਰਡੀਨੇਟਰ ਕਿਰਨਦੀਪ ਕੌਰ, ਕੰਪਿਊਟਰ ਆਪਰੇਟਰ ਗੁਰਮਿੰਦਰ ਸਿੰਘ, ਸਕੂਲ ਹੈਲਥ ਪ੍ਰੋਗਰਾਮ ਨਾਲ ਸੰਬੰਧਿਤ ਮਾਸਟਰ ਟ੍ਰੇਨਰ ਹਾਜ਼ਰ ਸਨ।