Close

District Magistrate issues various orders in view of the historic festival of Hola Mohalla

Publish Date : 13/02/2026
District Magistrate issues various orders in view of the historic festival of Holi Mohalla

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਜ਼ਿਲ੍ਹਾ ਮੈਜਿਸਟਰਟ ਨੇ ਹੋਲੇ ਮਹੱਲੇ ਦੇ ਇਤਿਹਾਸਕ ਤਿਉਹਾਰ ਦੇ ਮੱਦੇਨਜ਼ਰ ਵੱਖ-ਵੱਖ ਹੁਕਮ ਜਾਰੀ ਕੀਤੇ

ਰੂਪਨਗਰ, 13 ਫਰਵਰੀ: ਜ਼ਿਲ੍ਹਾ ਮੈਜਿਸਟਰਟ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਤਹਿਤ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੋਲੇ ਮਹੱਲੇ ਦੇ ਇਤਿਹਾਸਕ ਤਿਉਹਾਰ ਦੇ ਮੱਦੇਨਜ਼ਰ 27 ਫਰਵਰੀ 2026 ਤੋਂ 04 ਮਾਰਚ 2026 ਤੱਕ ਵੱਖ-ਵੱਖ ਹੁਕਮ ਜਾਰੀ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੌਰਾਨ ਕਿਸੇ ਵੀ ਵਿਅਕਤੀ ਦੇ ਅਸਲਾ ਲੈ ਕੇ ਚੱਲਣ ਤੇ ਪੂਰਨ ਪਾਬੰਦੀ ਹੋਵੇਗੀ, ਪ੍ਰੰਤੂ ਇਹ ਪਾਬੰਦੀ ਡਿਊਟੀ ਤੇ ਤਾਇਨਾਤ ਪੁਲਿਸ/ਪੈਰਾ ਮਿਲਟਰੀ ਫੋਰਸਿਜ਼ ਦੇ ਅਧਿਕਾਰੀਆਂ/ ਕਰਮਚਾਰੀਆਂ ਤੋਂ ਲਾਗੂ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜੇਕਰ ਕੁਝ ਮਹੱਤਵਪੂਰਨ ਸਖਸ਼ੀਅਤਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਅਸਲਾ ਰੱਖਣ ਦੀ ਲੋੜ ਹੋਵੇਗੀ ਤਾਂ ਉਹ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਦੀ ਸਿਫਾਰਿਸ਼ ਉਪਰੰਤ ਵਧੀਕ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਤੋਂ ਸਪੈਸ਼ਲ ਪਰਮਿਸ਼ਨ ਲੈ ਕੇ ਅਸਲਾ ਰੱਖ ਸਕਣਗੇ।

ਸ਼੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਹੋਲੇ ਮਹੱਲੇ ਦੌਰਾਨ ਗੁਲਾਲ ਵੇਚਣ ਅਤੇ ਗੁਲਾਲ ਉਡਾਉਣ/ਸੁੱਟਣ ਤੇ ਪੂਰਨ ਪਾਬੰਦੀ ਹੋਵੇਗੀ ਪ੍ਰੰਤੂ ਇਤਿਹਾਸਕ ਪ੍ਰੰਮਪਰਾਵਾਂ ਅਨੁਸਾਰ ਨਿਹੰਗ ਸਿੰਘਾਂ ਨੂੰ ਗੁਲਾਲ ਦੀ ਵਰਤੋਂ 04 ਮਾਰਚ 2026 ਨੂੰ ਨਗਰ ਕੀਰਤਨ ਦੌਰਾਨ ਛੋਟ ਰਹੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਹੋਲੇ ਮਹੱਲੇ ਦੌਰਾਨ ਆਮ ਪਬਲਿਕ ਵੱਲੋਂ ਪਟਾਕੇ/ਆਤਿਸਬਾਜੀ ਚਲਾਉਣ ਤੇ ਪਾਬੰਦੀ ਹੋਵੇਗੀ, ਪ੍ਰੰਤੂ ਐਸ.ਜੀ.ਪੀ.ਸੀ. ਜਾਂ ਹੋਰ ਧਾਰਮਿਕ ਅਦਾਰਿਆਂ ਨੂੰ ਉਪ ਮੰਡਲ ਮੈਜਿਸਟਰੇਟ-ਕਮ-ਮੇਲਾ ਅਫਸਰ ਸ੍ਰੀ ਆਨੰਦਪੁਰ ਸਾਹਿਬ ਦੀ ਪਰਮਿਸ਼ਨ ਨਾਲ ਵਿਧੀ-ਬੱਧ ਤਰੀਕੇ ਨਾਲ ਅਤਿਸ਼ਬਾਜੀ ਚਲਾਉਣ ਦੀ ਪਾਬੰਦੀ ਤੋਂ ਛੋਟ ਹੋਵੇਗੀ।

ਉਨ੍ਹਾਂ ਦੱਸਿਆ ਕਿ ਹੋਲੇ ਮਹੱਲੇ ਦੌਰਾਨ ਭੰਗ, ਤੰਬਾਕੂ, ਸਿਗਰਟ, ਬੀੜੀ, ਜਰਦਾ, ਗੁਟਕਾ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਵੀ ਪੂਰਨ ਤੌਰ ਤੇ ਪਾਬੰਦੀ ਹੋਵੇਗੀ।

ਜ਼ਿਲ੍ਹਾ ਮੈਜਿਸਟਰਟ ਨੇ ਹੋਲੇ ਮਹੱਲੇ ਦੋਰਾਨ ਕਾਰਾਂ, ਮੋਟਰ ਸਾਈਕਲਾਂ ਜਾਂ ਹੋਰ ਵਾਹਨਾਂ ਵੱਲੋਂ ਪ੍ਰੈਸ਼ਰ ਹਾਰਨ ਵਜਾਉਣ ਤੇ ਅਤੇ ਕੋਈ ਅਜਿਹਾ ਯੰਤਰ ਜਿਸ ਨਾਲ ਉੱਚੀਆ ਆਵਾਜਾਂ ਨਿਕਲਦੀਆ ਹੋਣ ਲਗਾਉਣ ਤੇ ਅਤੇ ਸਲੈਂਸਰ ਉਤਾਰ ਕੇ ਵਾਹਨ ਚਲਾਉਣ ਅਤੇ ਸਟੰਟ ਆਦਿ ਕਰਨ ਤੇ ਪੂਰਨ ਪਾਬੰਦੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਹੋਲੇ ਮੁਹੱਲੇ ਦਾ ਇਤਿਹਾਸਕ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ 27 ਫਰਵਰੀ 2026 ਤੋਂ 04 ਮਾਰਚ 2026 ਤੱਕ ਮਨਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਲੱਖਾਂ ਸ਼ਰਧਾਲੂ ਇਸ ਮੌਕੇ ਧਾਰਮਿਕ ਭਾਵਨਾਵਾਂ ਨਾਲ ਇਨ੍ਹਾਂ ਨਗਰਾਂ ਵਿੱਚ ਆਉਣਗੇ। ਇਸ ਮੌਕੇ ਇਹ ਯਕੀਨੀ ਬਣਾਉਣਾ ਜਰੂਰੀ ਹੈ ਕਿ ਪਬਲਿਕ ਦੇ ਕਿਸੇ ਵੀ ਵਿਅਕਤੀ ਜਾਂ ਗਰੁੱਪ ਵੱਲੋਂ ਕੋਈ ਅਜਿਹੀ ਕਾਰਵਾਈ ਨਾ ਕੀਤੀ ਜਾਏ ਜਿਸ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਜਾਂ ਉਹ ਤੰਗ ਪ੍ਰੇਸ਼ਾਨ ਹੋਣ ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਅਮਨ ਭੰਗ ਹੋਣ ਦਾ ਖਤਰਾ ਵਧ ਜਾਂਦਾ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਲਈ ਲੋਕ ਹਿੱਤ ਵਿੱਚ ਅਤੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਇਹ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੌਰਾਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਤੰਗ ਪ੍ਰੇਸ਼ਾਨ ਕਰਨ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਲਈ ਇਹ ਜ਼ਰੂਰੀ ਪਾਬੰਦੀਆਂ ਲਗਾਈਆਂ ਜਾਣ।