District Legal Services Authority Rupnagar organized an awareness seminar on drugs at District Jail Rupnagar.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਨਸ਼ਿਆਂ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ
ਰੂਪਨਗਰ, 22 ਅਗਸਤ: ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਐਸ.ਏ.ਐਸ ਨਗਰ ਦੀਆਂ ਹਦਾਇਤਾਂ ਅਤੇ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀ ਸ਼ਾਮ ਲਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਨਸ਼ਿਆਂ ਸਬੰਧੀ ਕੈਦੀਆਂ ਅਤੇ ਬੰਦੀਆਂ ਲਈ ਜਾਗਰੂਕ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਮੌਕੇ ਜੇਲ੍ਹ ਸੁਪਰਡੇਂਟ ਮਨਪ੍ਰੀਤ ਸਿੰਘ ਢਿੱਲੋਂ, ਚੀਫ ਲੀਗਲ ਏਡ ਡਿਫੈਂਸ ਕੌਂਸਲ ਰਾਜਵੀਰ ਸਿੰਘ ਰਾਏ ਅਤੇ ਹੋਰ ਜੇਲ੍ਹ ਸਟਾਫ ਹਾਜ਼ਰ ਸਨ।
ਇਸ ਮੌਕੇ ਸੀ.ਜੀ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਕੈਦੀਆਂ ਨੂੰ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਮੁਕਤ ਜੀਵਨ ਵੱਲ ਪ੍ਰੇਰਿਤ ਕਰਨਾ ਸੀ।
ਉਨ੍ਹਾਂ ਕੈਦੀਆਂ ਨੂੰ ਸੰਦੇਸ਼ ਦਿੱਤਾ ਕਿ ਜੇਕਰ ਉਹ ਚਾਹੁਣ ਤਾਂ ਨਸ਼ਿਆਂ ਨੂੰ ਛੱਡਣਾ ਮੁਸ਼ਕਲ ਨਹੀਂ, ਬਲਕਿ ਸੰਭਵ ਹੈ। ਸਿਰਫ਼ ਮਨ ਵਿੱਚ ਪੱਕਾ ਇਰਾਦਾ ਕਰਨ ਦੀ ਲੋੜ ਹੈ। ਨਸ਼ਾ ਛੱਡ ਕੇ ਹੀ ਇਨਸਾਨ ਆਪਣੀ ਜ਼ਿੰਦਗੀ ਨੂੰ ਦੁਬਾਰਾ ਸਹੀ ਰਸਤੇ ਉਤੇ ਲਿਆ ਸਕਦਾ ਹੈ ਅਤੇ ਪਰਿਵਾਰ, ਸਮਾਜ ਤੇ ਆਪਣੇ ਭਵਿੱਖ ਲਈ ਇੱਕ ਚੰਗਾ ਨਾਗਰਿਕ ਬਣ ਸਕਦਾ ਹੈ।
ਇਸ ਕੈਂਪ ਦੌਰਾਨ ਜੋ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਚੁੱਕੇ ਹਨ, ਉਨ੍ਹਾਂ ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਨਸ਼ਿਆਂ ਨੇ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕੀਤੀ ਸੀ ਅਤੇ ਕਿਸ ਤਰ੍ਹਾਂ ਦ੍ਰਿੜ੍ਹ ਇਰਾਦੇ, ਹੌਸਲੇ ਅਤੇ ਪਰਿਵਾਰਕ ਸਹਿਯੋਗ ਨਾਲ ਉਹ ਇਸ ਦਲਦਲ ਤੋਂ ਬਾਹਰ ਨਿਕਲ ਸਕੇ।
ਜ਼ਿਲਾ ਜੇਲ ਰੂਪਨਗਰ ਪ੍ਰਸ਼ਾਸਨ ਨੇ ਵੀ ਕੈਦੀਆਂ ਨੂੰ ਭਰੋਸਾ ਦਵਾਇਆ ਕਿ ਨਸ਼ਾ ਛੱਡਣ ਦੀ ਇਸ ਮੁਹਿੰਮ ਵਿੱਚ ਉਹਨਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।