District Administration Rupnagar will organize ‘River Festival’ and ‘Punjab Sakhi Shakti Mela’ on April 25 and 26
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ 25 ਤੇ 26 ਅਪ੍ਰੈਲ ਨੂੰ ‘ਰਿਵਰ ਫੈਸਟੀਵਲ’ ਤੇ ‘ਪੰਜਾਬ ਸਖੀ ਸ਼ਕਤੀ ਮੇਲਾ’ ਕਰਵਾਇਆ ਜਾਵੇਗਾ
ਸੈੱਲਫ ਹੈਲਪ ਗਰੁੱਪਾਂ ਤੇ ਐੱਮਐੱਸਐੱਮਈਜ਼ ਦੇ ਉਤਪਾਦਾਂ ਲਈ ਢੁੱਕਵਾਂ ਮਾਰਕੀਟਿੰਗ ਮੰਚ ਪ੍ਰਦਾਨ ਕਰੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’ – ਡਿਪਟੀ ਕਮਿਸ਼ਨਰ
ਰੂਪਨਗਰ, 07 ਅਪ੍ਰੈਲ: ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ 25 ਅਤੇ 26 ਅਪ੍ਰੈਲ ਨੂੰ ‘ਰਿਵਰ ਫੈਸਟੀਵਲ’ ਤੇ ‘ਪੰਜਾਬ ਸਖੀ ਸ਼ਕਤੀ ਮੇਲਾ’ ਕਰਵਾਇਆ ਜਾਵੇਗਾ।
ਮੇਲੇ ਦੇ ਸੁਚੱਜੇ ਅਤੇ ਸਫ਼ਲ ਆਯੋਜਨ ਲਈ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਅਤੇ ਐੱਸਐੱਸਪੀ ਰੂਪਨਗਰ ਸ. ਮਨਿੰਦਰ ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਸਬੰਧਤ ਵਿਭਾਗਾਂ ਨਾਲ ਵਿਸਥਾਰਪੂਰਕ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਿਵਰ ਫੈਸਟੀਵਲ ਵਿੱਚ ਵੱਖ ਵੱਖ ਸੂਬਿਆਂ ਦੇ ਕਲਾਕਾਰਾਂ ਵੱਲੋਂ ਰੰਗਾਰੰਗ ਸੰਗੀਤਕ ਅਤੇ ਸੱਭਿਆਚਾਰਕ ਸ਼ਾਮਾਂ, ਸਟੇਜ ਕਲਾਕਾਰ ਪ੍ਰਦਰਸ਼ਨ, ਫੈਸ਼ਨ ਸ਼ੋਅ, ਰਵਾਇਤੀ ਨਾਚ ਅਤੇ ਹੋਰ ਕਈ ਦਿਲ ਖਿਚਵੀਆਂ ਪੇਸ਼ਕਾਰੀਆਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਖਾਣ-ਪੀਣ ਦੇ ਸਟਾਲ, ਝੂਲੇ, ਰਾਈਡਜ਼ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਵੀ ਮੇਲੇ ਦਾ ਅਹਿਮ ਹਿੱਸਾ ਹੋਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਖੀ ਸ਼ਕਤੀ ਮੇਲੇ ਦਾ ਉਦੇਸ਼ ਸਵੈ-ਸਹਾਇਤਾ ਸਮੂਹਾਂ ਅਤੇ ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਉਤਪਾਦਾਂ ਨੂੰ ਉਤਸ਼ਾਹਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਸਿਰਫ਼ ਉਤਪਾਦਾਂ ਦੀ ਮਾਰਕੀਟਿੰਗ ਲਈ ਮੰਚ ਹੀ ਨਹੀਂ ਦੇਵੇਗਾ, ਸਗੋਂ ਲੋਕਾਂ ਦੇ ਮਨੋਰੰਜਨ ਅਤੇ ਰੁਚੀ ਲਈ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਰੂਪਨਗਰ ਸ. ਮਨਿੰਦਰ ਸਿੰਘ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਲਾਕਾਰਾਂ ਦੀ ਰਿਹਾਇਸ਼, ਰੋਜ਼ਾਨਾ ਸਫ਼ਾਈ, ਪੀਣ ਵਾਲਾ ਪਾਣੀ, ਬਿਜਲੀ, ਪਖ਼ਾਨੇ ਬਲਾਕ, ਮੈਡੀਕਲ ਟੀਮਾਂ, ਕਾਨੂੰਨ-ਵਿਵਸਥਾ ਅਤੇ ਟ੍ਰੈਫਿਕ/ਪਾਰਕਿੰਗ ਦੀ ਸੁਚੱਜੀ ਵਿਵਸਥਾ ਸਮੇਤ ਹਰ ਪੱਖ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਕਮੀ ਨਾ ਰਹੇ ਅਤੇ ਇਹ ਸਮਾਗਮ ਭਾਗੀਦਾਰਾਂ ਅਤੇ ਆਉਣ ਵਾਲੇ ਲੋਕਾਂ ਲਈ ਯਾਦਗਾਰ ਸਾਬਤ ਹੋਵੇ।
ਇਸ ਮੀਟਿੰਗ ਵਿੱਚ ਐਸਡੀਐਮ ਰੂਪਨਗਰ ਜਸਪ੍ਰੀਤ ਸਿੰਘ, ਐਸਡੀਐਮ ਨੰਗਲ ਸਚਿਨ ਪਾਠਕ, ਐਸਡੀਐਮ ਮੋਰਿੰਡਾ ਚੇਤਨ ਬੰਗੜ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ, ਸਹਾਇਕ ਕਮਿਸ਼ਨਰ (ਜ) ਪਰਦੀਪ ਸਿੰਘ ਬੈਂਸ, ਜ਼ਿਲ੍ਹਾ ਵਣਜ ਅਫ਼ਸਰ ਮਾਨ ਮੋਹਿੰਦਰ ਸਿੰਘ, ਜ਼ਿਲ੍ਹਾ ਫੂਡ ਸਪਲਾਈ ਅਫਸਰ ਡਾ. ਕਿੰਮੀ ਵਨੀਤ ਕੌਰ ਸੇਠੀ, ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।