Deputy Commissioner visited the Railway Under Bridge at Morinda
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਮੋਰਿੰਡਾ ਵਿਖੇ ਰੇਲਵੇ ਅੰਡਰ ਬ੍ਰਿਜ ਦਾ ਦੌਰਾ ਕੀਤਾ
ਅਧਿਕਾਰੀਆਂ ਨੂੰ ਪਾਣੀ ਖੜ੍ਹੀ ਹੋਣ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਦੇ ਨਿਰਦੇਸ਼ ਦਿੱਤੇ
ਮੋਰਿੰਡਾ, 24 ਅਗਸਤ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਮੋਰਿੰਡਾ ਵਿਖੇ ਰੇਲਵੇ ਅੰਡਰ ਬ੍ਰਿਜ ਦਾ ਦੌਰਾ ਕੀਤਾ ਅਤੇ ਪਿਛਲੇ ਲੰਬੇ ਸਮੇਂ ਤੋਂ ਵਰਖਾ ਉਪਰੰਤ ਆ ਰਹੀ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਇਸ ਮੌਕੇ ਉਨ੍ਹਾਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨਿਰਦੇਸ਼ ਦਿੱਤੇ ਕਿ ਇਸ ਸਮੱਸਿਆ ਦੀ ਪੜਤਾਲ ਕਰਕੇ ਇਹ ਘੋਖਿਆ ਜਾਵੇ ਕਿ ਇਸ ਨੂੰ ਬਣਾਉਣ ਵੇਲੇ ਕਮੀ ਕਿੱਥੇ ਰਹੀ ਹੈ, ਜੋ ਪਾਣੀ ਦੇ ਨਿਕਾਸ ਦੀ ਇੰਨੀ ਵੱਡੀ ਸਮੱਸਿਆ ਆ ਰਹੀ ਹੈ।
ਉਨਾਂ ਕਿਹਾ ਕਿ ਬ੍ਰਿਜ ਵਿੱਚ ਪਾਣੀ ਭਰਨ ਦੌਰਾਨ ਨਗਰ ਕੌਂਸਲ ਵਲੋਂ ਵਾਟਰ ਪੰਪ ਲਗਾ ਕੇ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਨਾ ਮਾਤਰ ਕੋਸ਼ਿਸ ਸਾਬਿਤ ਹੁੰਦੀ ਹੈ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਸਥਾਈ ਹੱਲ ਲਈ ਇਸ ਸਮੱਸਿਆ ਦੀ ਬਰੀਕੀ ਨਾਲ ਪੜਤਾਲ ਕੀਤੀ ਜਾਵੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਥੋੜ੍ਹੀ ਮਾਤਰਾ ਵਿਚ ਬਾਰਿਸ਼ ਨਾਲ ਵੀ ਪਾਣੀ ਭਰ ਜਾਂਦਾ ਹੈ ਜਿਸ ਨਾਲ ਇਸ ਰਾਹੀਂ ਚਲਣ ਵਾਲੀ ਟਰੈਫਿਕ ਨੂੰ ਬੰਦ ਕਰਨਾ ਪੈਂਦਾ ਹੈ ਅਤੇ ਇਸ ਸਮੱਸਿਆ ਦੇ ਤੁਰੰਤ ਹੱਲ ਲਈ ਲੋਕ ਨਿਰਮਾਣ ਵਿਭਾਗ ਅਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਠੋਸ ਹੱਲ ਲਈ ਜੋ ਤਜਵੀਜ਼ ਤਿਆਰ ਕੀਤੀ ਜਾਂਦੀ ਉਸਦੀ ਰਿਪੋਰਟ ਇੱਕ ਹਫ਼ਤੇ ਦੇ ਵਿਚ ਪੇਸ਼ ਕੀਤੀ ਜਾਵੇ।
ਇਸ ਮੀਟਿੰਗ ਦੌਰਾਨ ਐਸ.ਡੀ.ਐਮ. ਮੋਰਿੰਡਾ ਸ਼੍ਰੀ ਦੀਪਾਂਕਰ ਗਰਗ, ਲੋਕ ਨਿਰਮਾਣ ਵਿਭਾਗ ਤੋਂ ਕਾਰਜਕਾਰੀ ਇੰਜੀਨੀਅਰ, ਐਸ.ਡੀ.ਓ. ਨੈਸ਼ਨਲ ਹਾਈਵੇ, ਰੇਲਵੇ ਵਿਭਾਗ ਤੋਂ ਅਧਿਕਾਰੀ, ਡੀ.ਐਸ.ਪੀ. ਮਨਜੀਤ ਸਿੰਘ ਔਲਖ ਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।