Deputy Commissioner visited Mehndali Kalan Bunn

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਮਹਿੰਦਲੀ ਕਲਾਂ ਬੰਨ ਦਾ ਕੀਤਾ ਦੌਰਾ
ਡਰੇਨੇਜ ਵਿਭਾਗ ਨੂੰ ਇਸ ਕੰਮ ਨੂੰ ਸਮਾਂਬੱਧ ਸਮੇਂ ਵਿੱਚ ਮੁਕੰਮਲ ਕਰਨ ਦੀਆਂ ਹਦਾਇਤਾਂ
ਰੂਪਨਗਰ, 26 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਮਹਿੰਦਲੀ ਕਲਾਂ ਵਿੱਚ ਬਣ ਰਹੇ ਬੰਨ ਦਾ ਦੌਰਾ ਕੀਤਾ ਅਤੇ ਡਰੇਨੇਜ ਵਿਭਾਗ ਨੂੰ ਇਸ ਕੰਮ ਨੂੰ ਸਮਾਂਬੱਧ ਸਮੇਂ ਵਿੱਚ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਭਾਰੀ ਵਰਖਾ ਹੋਣ ਕਾਰਨ ਇਹ ਬੰਨ ਟੁੱਟ ਗਿਆ ਸੀ, ਜਿਸ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ 2 ਜੇ.ਸੀ.ਬੀ.ਮਸ਼ੀਨਾਂ, 8 ਟਿੱਪਰ ਅਤੇ 80-90 ਨਰੇਗਾ ਮਜ਼ਦੂਰ ਲਗਾਤਰ ਕੰਮ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਰਖਾ ਹੋਣ ਦੀ ਸੰਭਾਵਨਾ ਨਾਲ ਇਸ ਬੰਨ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਦੀ ਉਚਾਈ ਨੂੰ ਹੋਰ ਉੱਚਾ ਚੁੱਕਿਆ ਜਾ ਰਿਹਾ ਹੈ ਤਾਂ ਜੋ ਪਾਣੀ ਪਿੰਡ ਵਿੱਚ ਨਾ ਵੜੇ। ਉਨ੍ਹਾਂ ਕਿਹਾ ਕਿ ਸਤੁਲਜ ਦਰਿਆ ਰਾਹੀਂ ਬਰਸਾਤਾਂ ਦੋਰਾਨ ਆਉਣ ਵਾਲੇ ਪਾਣੀ ਦੇ ਭਾਰੀ ਵਹਾਅ ਕਾਰਨ ਇਲਾਕੇ ਦੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨਾ ਪ੍ਰਸਾਸ਼ਨ ਦਾ ਫਰਜ ਹੈ ਅਤੇ ਇਸ ਦੇ ਲਈ ਅਸੀਂ ਪੂਰੀ ਤਰ੍ਹਾਂ ਯਤਨਸ਼ੀਲ ਹਾਂ। ਹੜ੍ਹਾ ਦੋਰਾਨ ਹੋਣ ਵਾਲੇ ਕਿਸੇ ਵੀ ਤਰਾਂ ਦੇ ਨੁਕਸਾਨ ਨੂੰ ਰੋਕਣ ਲਈ ਪ੍ਰਸਾਸ਼ਨ ਵਲੋਂ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਉੱਤੇ ਯਕੀਨ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸੰਭਾਵੀ ਹੜ੍ਹਾਂ ਦੇ ਪ੍ਰਬੰਧਾਂ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਤਹਿਸੀਲ ਦਫਤਰ ਵਿਚ 24 ਘੰਟੇ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜਿਥੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਇਸ ਮੌਕੇ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਸ਼੍ਰੀ ਬਾਦਲ ਦੀਨ, ਐਕਸੀਅਨ ਮਾਈਨਿੰਗ ਸ਼੍ਰੀ ਹਰਸ਼ਾਂਤ ਕੁਮਾਰ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।