Deputy Commissioner reviewed the various services and arrangements being provided while checking the Aam Aadmi Clinic of Abiana Kalan.

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਵੱਲੋਂ ਅਬਿਆਣਾ ਕਲਾਂ ਦੇ ਆਮ ਆਦਮੀ ਕਲੀਨਿਕ ਦੀ ਚੈਕਿੰਗ ਕਰਦਿਆਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਅਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ
ਰੂਪਨਗਰ, 03 ਅਗਸਤ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਪਿੰਡ ਅਬਿਆਣਾ ਕਲਾਂ ਦੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਦੌਰਾ ਕਰਦਿਆਂ ਇਸ ਕਲੀਨਿਕ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਅਤੇ ਕਲੀਨਿਕ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਆਮ ਆਦਮੀ ਕਲੀਨਿਕ ਦੀ ਚੈਕਿੰਗ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਇਸ ਕਲੀਨਿਕ ਵਿੱਚ ਮੌਕੇ ਤੇ ਇਲਾਜ ਲਈ ਪਹੁੰਚੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਅਤੇ ਕਲੀਨਿਕ ਤੋਂ ਮਿਲ ਰਹੀਆਂ ਸਿਹਤ ਸੇਵਾਵਾਂ ਅਤੇ ਦਵਾਈਆਂ ਬਾਰੇ ਪੁੱਛਿਆ ਜਿਸ ਉਤੇ ਮਰੀਜ਼ਾਂ ਨੇ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਸਮੇਂ ਸਿਰ ਸਹੀ ਇਲਾਜ ਮਿਲ ਰਿਹਾ ਹੈ ਅਤੇ ਮੌਜੂਦਾ ਡਾਕਟਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਇਲਾਜ ਕਰ ਰਹੇ ਹਨ ਉਹ ਆਮ ਆਦਮੀ ਕਲੀਨਿਕ ਤੋਂ ਮਿਲ ਰਹੀਆਂ ਸਿਹਤ ਸੇਵਾਵਾਂ ਨਾਲ ਸੰਤੁਸ਼ਟ ਹਨ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਬਣਾਏ ਗਏ ਇਨ੍ਹਾਂ ਕਲੀਨਿਕਾਂ ਦਾ ਮੰਤਵ ਸ਼ਹਿਰਾਂ ਦੇ ਨਾਲ-ਨਾਲ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਆਮ ਲੋਕਾਂ ਨੂੰ ਮੁਫਤ ਤੇ ਮਿਆਰੀ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਰਾਹੀਂ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਅਤੇ ਲੰਬੀ ਲਾਈਨਾਂ ਵਿਚ ਖੜਾਏ ਬਿਨਾਂ ਘੱਟ ਤੋਂ ਘੱਟ ਸਮੇਂ ਵਿਚ ਸਿਹਤ ਸੇਵਾਵਾਂ ਦੇਣਾ ਹੀ ਸਰਕਾਰ ਦਾ ਉਦੇਸ਼ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਨ੍ਹਾਂ ਵਲੋਂ ਰੋਜ਼ਾਨਾ ਆਮ ਆਦਮੀ ਕਲੀਨਿਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਲਦ ਪਿੰਡਾਂ ਵਿਚ ਜਾ ਕੇ ਵੀ ਕਲੀਨਿਕਾਂ ਵਿਚ ਮਿਲ ਰਹੀਆਂ ਸੇਵਾਵਾਂ ਨੂੰ ਬਿਹਤਰ ਕਰਨ ਲਈ ਕਲੀਨਿਕਾਂ ਦੀ ਕਾਰਗੁਜ਼ਾਰੀ ਵਿਚ ਹੋਰ ਸੁਧਾਰ ਲਿਆਉਣ ਲਈ ਵਿਆਪਕ ਪੱਧਰ ਉਤੇ ਚੈਕਿੰਗ ਕੀਤੀ ਜਾਵੇਗੀ।