Close

Deputy Commissioner inspected the treatment services at the drug addiction center of the Civil Hospital

Publish Date : 23/07/2024
Deputy Commissioner inspected the treatment services at the drug addiction center of the Civil Hospital

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਦੇ ਨਸ਼ਾ ਛਡਾਉ ਕੇਂਦਰ ਵਿਖੇ ਇਲਾਜ ਸੇਵਾਵਾਂ ਦਾ ਨਿਰੀਖਣ ਕੀਤਾ

ਬਾਥਰੂਮਾਂ ‘ਚ ਸਾਫ-ਸਫਾਈ ਨਾ ਹੋਣ ਦਾ ਲਿਆ ਸਖਤ ਨੋਟਿਸ

ਰੂਪਨਗਰ, 23 ਜੁਲਾਈ: ਸਿਵਲ ਹਸਪਤਾਲ ਰੂਪਨਗਰ ਦੇ ਨਸ਼ਾ ਛਡਾਉ ਕੇਂਦਰ ਵਿਖੇ ਮਿਲ ਰਹੀਆਂ ਇਲਾਜ ਸੇਵਾਵਾਂ ਦਾ ਨਿਰੀਖਣ ਕਰਨ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਅਚਨਚੇਤ ਦੌਰਾ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਸ਼ਾ ਪੀੜ੍ਹਤਾਂ ਨਾਲ ਯੋਗ ਸੈਸ਼ਨ ਦੌਰਾਨ ਵਿਸ਼ੇਸ਼ ਗੱਲਬਾਤ ਕੀਤੀ ਜਿਥੇ ਮਰੀਜ਼ਾਂ ਵਲੋਂ ਬਾਥਰੂਮ ਵਿਖੇ ਗੰਦਗੀ ਸਮੇਤ ਹੋਰ ਮਿਆਰੀ ਸੇਵਾਵਾਂ ਨਾ ਮਿਲਣ ਦੀ ਸ਼ਿਕਾਇਤ ਕੀਤੀ। ਜਿਸ ਦਾ ਸਖਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਮਨੂ ਵਿੱਜ ਨੂੰ ਹਦਾਇਤ ਕਰਦਿਆਂ ਕੇਂਦਰ ਵਿਖੇ ਤਾਇਨਾਤ ਕਰਮਚਾਰੀਆਂ ਦਾ ਡਿਊਟੀ ਚਾਰਟ ਰੋਜ਼ਾਨਾ ਨੋਟਿਸ ਬੋਰਡ ਉਤੇ ਲਗਾਇਆ ਜਾਵੇ ਅਤੇ ਉਹ ਖੁੱਦ ਰੋਜ਼ਾਨਾ ਕੇਂਦਰ ਦਾ ਦੌਰਾ ਵੀ ਕਰਨ।

ਡਾ. ਪ੍ਰੀਤੀ ਯਾਦਵ ਨੇ ਦਵਾਈਆਂ ਦਾ ਸਟਾਕ ਰਜਿਸਟਰ ਚੈੱਕ ਕਰਦਿਆਂ ਮਨਰੋਗੀ ਮਾਹਿਰ ਡਾ. ਕਮਲਵੀਰ ਸਿੰਘ ਗਿੱਲ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਸ਼ਾ ਪੀੜ੍ਹਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਵੇ ਅਤੇ ਲੋੜ ਅਨੁਸਾਰ ਹੀ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਦਵਾਈਆਂ ਦੇ ਸਟਾਕ ਵਿਚ ਕਮੀ ਪਾਈ ਗਈ ਹੈ ਉਨ੍ਹਾਂ ਦੇ ਕਮੀ ਨੂੰ ਜਲਦ ਪੂਰਾ ਕੀਤਾ ਜਾਵੇ ਅਤੇ ਅਗਾਂਹ ਤੋਂ ਕੋਈ ਕੁਤਾਹੀ ਨਾ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਾ ਛਡਾਉ ਕੇਂਦਰਾਂ ਵਿਚ ਗੁੰਮਰਾਹ ਹੋਏ ਨੌਜਵਾਨਾਂ ਦਾ ਇਲਾਜ ਕਰਕੇ ਮੁੜ ਆਮ ਜੀਵਨ ਸ਼ੈਲੀ ਵਿਚ ਲਿਆ ਕੇ ਤੰਦਰੁਸਤ ਬਣਾਉਣਾ ਅਤੇ ਸੁਰੱਖਿਅਤ ਕਰਨਾ ਹੈ ਤਾਂ ਜੋ ਸਾਡੇ ਨੌਜਵਾਨ ਸਮਾਜ ਵਿਚ ਇੱਜ਼ਤ ਦੀ ਜ਼ਿੰਦਗੀ ਜੀਅ ਸਕਣ।

ਉਨ੍ਹਾਂ ਸਿਵਲ ਸਰਜਨ ਨੂੰ ਨਸ਼ਾ ਛਡਾਉ ਕੇਂਦਰ ਵਿਖੇ ਜਲਦ ਸੀ.ਸੀ.ਟੀ.ਵੀ ਕੈਮਰੇ ਲਗਾਉਣ ਲਈ ਕਿਹਾ ਤਾਂ ਜੋ ਮਰੀਜ਼ਾਂ ਨੂੰ ਮਿਲ ਰਹੇ ਇਲਾਜ ਅਤੇ ਮੈਡੀਕਲ ਸਟਾਫ ਦੀ ਨਿਗਰਾਨੀ ਕੀਤੀ ਜਾ ਸਕੇ। ਉਨ੍ਹਾਂ ਸਿਵਲ ਸਰਜਨ ਨੂੰ ਮਰੀਜ਼ਾਂ ਲਈ ਜਿੰਮ ਅਤੇ ਹੋਰ ਖੇਡਾਂ ਸਬੰਧੀ ਸਮਾਨ ਦੀ ਤਜਵੀਜ ਭੇਜਣ ਨੂੰ ਵੀ ਕਿਹਾ।

ਇਸ ਮੌਕੇ ਉਨ੍ਹਾਂ ਸਿਵਲ ਸਰਜਨ ਰੂਪਨਗਰ ਡਾ. ਮਨੂ ਵਿੱਜ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਸ਼ਾ ਛਡਾਉ ਕੇਂਦਰ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਸਮਾਂਬੱਧ ਸੀਮਾ ਵਿਚ ਮੁਕੰਮਲ ਕੀਤਾ ਜਾਵੇ ਅਤੇ ਇਸ ਕੇਂਦਰ ਵਿਚ ਆਉਣ ਵਾਲੇ ਨਸ਼ਾ ਪੀੜ੍ਹਤ ਮਰੀਜ਼ਾਂ ਤੋਂ ਲੈਕੇ ਮਾਨਸਿਕ ਬਿਮਾਰੀਆਂ ਤੋਂ ਪੀੜ੍ਹਤ ਹਰ ਵਰਗ ਦੇ ਮਰੀਜ਼ਾਂ ਨੂੰ ਇਲਾਜ ਸੇਵਾਵਾਂ ਦੇਣ ਵਿਚ ਕੋਈ ਕਮੀ ਨਾ ਛੱਡੀ ਜਾਵੇ।

ਇਸ ਉਪਰੰਤ ਉਨ੍ਹਾਂ ਕੇਂਦਰ ਦੇ ਬਾਥਰੂਮ ਦੀ ਚੈਕਿੰਗ ਕੀਤੀ ਚੈਕਿੰਗ ਦੌਰਾਨ ਉਨ੍ਹਾਂ ਸਾਫ-ਸਫਾਈ ਤੋਂ ਅੰਸਤੁਸ਼ਟੀ ਪ੍ਰਗਟਾਈ। ਉਨ੍ਹਾਂ ਤਾੜਨਾ ਕਰਦਿਆਂ ਕਿਹਾ ਕਿ ਬਾਥਰੂਮਾਂ ਦੀ ਸਾਫ-ਸਫਾਈ ਰੋਜ਼ਾਨਾ ਯਕੀਨੀ ਬਣਾਈ ਜਾਵੇ ਅਤੇ ਭਵਿੱਖ ਵਿਚ ਦੌਰੇ ਦੌਰਾਨ ਇਹ ਪਾਈਆਂ ਗਈਆਂ ਖਾਮੀਆਂ ਮੁੜ ਨਾ ਪਾਈਆਂ ਜਾਣ।

ਇਸ ਮੌਕੇ ਸਹਾਇਕ ਸਿਵਲ ਸਰਜਨ ਅੰਜੂ ਭਾਟੀਆ, ਮਨਰੋਗੀ ਮਾਹਿਰ ਡਾ. ਕਮਲਵੀਰ ਸਿੰਘ ਗਿੱਲ, ਮਾਸ ਮੀਡੀਆ ਅਫਸਰ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫਸਰ ਰਿਤੂ, ਕੌਂਸਲਰ ਜਗਜੀਤ ਕੌਰ ਤੇ ਕੌਂਸਲਰ ਪ੍ਰਭਜੋਤ ਕੌਰ ਸਮੇਤ ਹੋਰ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।