Close

Deputy Commissioner honored “Runner Avtar Singh Bhatia” who completed 260th marathon on Sports Day.

Publish Date : 30/08/2022
Deputy Commissioner honored

ਡਿਪਟੀ ਕਮਿਸ਼ਨਰ ਨੇ ਖੇਡ ਦਿਵਸ ਮੌਕੇ 260ਵੀਂ ਮੈਰਾਥਨ ਪੂਰੀ ਕਰਨ ਵਾਲੇ ਦੌੜਾਕ ਅਵਤਾਰ ਸਿੰਘ ਭਾਟੀਆ ਦਾ ਕੀਤਾ ਸਨਮਾਨ

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਖੇਡ ਦਿਵਸ ਮੌਕੇ 260ਵੀਂ ਮੈਰਾਥਨ ਪੂਰੀ ਕਰਨ ਵਾਲੇ ਦੌੜਾਕ ਅਵਤਾਰ ਸਿੰਘ ਭਾਟੀਆ ਦਾ ਕੀਤਾ ਸਨਮਾਨ

· ਪੰਜਾਬ ਦਾ ਮਾਣ ਰੂਪਨਗਰ ਦਾ ਗਿਨੀਜ਼ ਵਰਲਡ ਰਿਕਾਰਡਜ਼ ਵਿਚ ਨਾਮ ਦਰਜ

ਰੂਪਨਗਰ, 29 ਅਗਸਤ: ਜ਼ਿੰਦਗੀ ਦੀਆਂ ਔਕੜਾਂ ਨੂੰ ਮਾਤ ਦੇ ਕੇ ਨਾਮਣਾ ਖੱਟਣ ਵਾਲੇ ਬਹੁਤ ਥੋੜ੍ਹੇ ਇਨਸਾਨ ਹੁੰਦੇ ਹਨ ਤੇ ਅਜਿਹਾ ਹੀ ਇਕ ਨੌਜਵਾਨ ਹੈ ਰੂਪਨਗਰ ਸ਼ਹਿਰ ਦਾ ਨੌਜਵਾਨ ਅਵਤਾਰ ਸਿੰਘ ਭਾਟੀਆ, ਜਿਸ ਨੇ ਮੈਰਾਥਨ ਦੌੜ ਵਿੱਚ ਗਿਨੀਜ਼ ਵਰਲਡ ਰਿਕਾਰਡਜ਼ ਵਿਚ ਨਾਮ ਦਰਜ ਕਰਵਾਇਆ ਹੈ। ਖੇਡ ਦਿਵਸ ਮੌਕੇ ਉਸ ਨੇ ਆਪਣੀ 260ਵੀਂ ਮੈਰਾਥਨ ਪੂਰੀ ਕੀਤੀ। ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਸ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ।

ਇਸ ਨੌਜਵਾਨ ਨੇ 11 ਫਰਵਰੀ 2018, ਚੰਡੀਗੜ੍ਹ ਵਿੱਚ 21 ਕਿਲੋਮੀਟਰ ਹਾਫ਼ ਮੈਰਾਥਨ, ਜੋ ਕਿ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਕਰਵਾਈ ਗਈ ਸੀ ਤੇ ਉਹ ਦੌੜ 01 ਘੰਟਾ 57 ਮਿੰਟ ਵਿਚ ਪੂਰੀ ਕੀਤੀ ਸੀ। ਇਸ ਉਪਰੰਤ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਸਾਰੇ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਹਰ ਹਫਤੇ ਜਾਂ ਹਫਤੇ ਵਿੱਚ ਦੋ ਵਾਰ ਵੀ ਕਰਵਾਈਆਂ ਜਾਂਦੀਆਂ ਮੈਰਾਥਨਜ਼ ਵਿਚ ਹਿੱਸਾ ਲਿਆ ਤੇ ਹਰ ਹਫ਼ਤੇ ਮੈਰਾਥਨ ਵਿਚ ਹਿੱਸਾ ਲੈਣ ਦਾ ਰਿਕਾਰਡ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ।

ਇਸ ਬਾਬਤ ਹੋਰ ਜਾਣਕਾਰੀ ਸਾਂਝੀ ਕਰਦਿਆਂ ਅਵਤਾਰ ਸਿੰਘ ਭਾਟੀਆ ਨੇ ਦੱਸਿਆ ਕਿ ਉਸ ਨੇ 2018 ਤੋਂ 2019 ਦੌਰਾਨ ਇਕ ਸਾਲ ਵਿਚ 51 ਮੈਰਾਥਨਜ਼ ਵਿਚ ਹਿੱਸਾ ਲੈਣ ਦਾ ਰਿਕਾਰਡ ਬਣਾਇਆ, ਜਿਹੜਾ ਕਿ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਕੌਮੀ ਰਿਕਾਰਡ ਵਜੋਂ ਦਰਜ ਹੋਇਆ।

ਉਸ ਨੇ ਸਾਲ 2020 ਵਿਚ 02 ਸਾਲਾਂ ਵਿਚ 100 ਮੈਰਾਥਨਜ਼ ਭੱਜਣ ਦਾ ਰਿਕਾਰਡ ਬਣਾਇਆ, ਜਿਹੜਾ ਕਿ ਇੰਟਰਨੈਸ਼ਨਲ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਦਰਜ ਹੋਇਆ। ਸਾਲ 2021 ਵਿਚ 09 ਸਤੰਬਰ ਨੂੰ 200 ਵੀਂ ਮੈਰਾਥਨ, ਦੁਨੀਆਂ ਦੀ ਸਭ ਤੋਂ ਉੱਚੀ ਸੁਰੰਗ (ਅਟੱਲ ਸੁਰੰਗ) ਵਾਲੇ ਰਾਹ ਉੱਤੇ ਪੂਰੀ ਕੀਤੀ। ਇਸ ਸਦਕਾ ਉਸ ਦਾ ਨਾਮ ਗਿਨੀਜ਼ ਵਰਲਡ ਰਿਕਾਰਡਜ਼ ਵਿਚ ਦਰਜ ਹੋਇਆ।

ਸਾਲ 2022 ਵਿਚ 21 ਜੂਨ ਨੂੰ ਉਸ ਨੇ ਯੋਗ ਦਿਵਸ ਮੌਕੇ 250 ਮੈਰਾਥਨਜ਼ ਪੂਰੀਆਂ ਕੀਤੀਆਂ। ਇਸ ਸਬੰਧੀ ਉੱਤਰ ਪ੍ਰਦੇਸ਼ ਵਰਲਡ ਰਿਕਾਰਡਜ਼ ਵਿਚ ਉਸ ਦਾ ਨਾਮ ਦਰਜ ਹੋਇਆ ਤੇ ਯੋਗਾ ਸੰਸਥਾਨ, ਆਯੂਸ਼ ਮੰਤਰਾਲਾ, ਭਾਰਤ ਸਰਕਾਰ ਵੱਲੋਂ ਇੰਟਰਨੈਸ਼ਨਲ ਫਿੱਟਨੈੱਸ ਆਇਕੌਨ ਦਾ ਐਵਾਰਡ ਮਿਲਿਆ।