Deputy Commissioner evaluated the health facilities being provided in government hospital
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਸਰਕਾਰੀ ਹਸਪਤਾਲਾਂ ‘ਚ ਦਿੱਤੀਆਂ ਜਾ ਰਹੀਆਂ ਸਿਹਤ ਸਹਲੂਤਾਂ ਦਾ ਮੁਲਾਂਕਣ ਕੀਤਾ
ਐਸ.ਐਮ.ਓ ਹਸਪਤਾਲਾਂ ‘ਚ ਮੁਫਤ ਦਵਾਈਆਂ ਮੁਹੱਈਆ ਕਰਵਾਉਣ ਦੇ ਪ੍ਰਬੰਧ ਯਕੀਨੀ ਕਰਨ
ਰੂਪਨਗਰ, 8 ਫਰਵਰੀ: ਜ਼ਿਲ੍ਹੇ ਦੇ ਸਮੂਹ ਸਰਕਾਰੀ ਹਸਪਤਾਲਾਂ ਵਿਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ।
ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਰਾਸ਼ਟਰੀ ਬਾਲ ਸਵੱਸਥ ਕਾਰਿਆਕ੍ਰਮ ਅਧੀਨ ਸਰਕਾਰੀ ਅਤੇ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਕੂਲਾਂ ਸਮੇਤ ਆਂਗਣਵਾੜੀ ਕੇਂਦਰਾਂ ਵਿਚ ਰਜਿਸਟਰਡ ਬੱਚਿਆਂ ਨੂੰ ਮਿਲਣ ਵਾਲੀਆਂ ਵੱਖ-ਵੱਖ ਗੰਭੀਰ ਬਿਮਾਰੀਆਂ ਦੇ ਮੁਫਤ ਇਲਾਜ ਸੇਵਾਵਾਂ ਦਾ ਕ੍ਰਮਵਾਰ ਜਾਇਜ਼ਾ ਲਿਆ ਅਤੇ ਹਦਾਇਤ ਕੀਤੀ ਕਿ ਜੇਕਰ ਕੋਈ ਵਿਦਿਆਰਥੀ ਜਾ ਛੋਟਾ ਬੱਚਾ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਸਮਾਂਵੱਧ ਸੀਮਾ ਵਿਚ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।
ਟੀ.ਬੀ. ਪ੍ਰੋਗਰਾਮ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਪ੍ਰਭਾਵਿਤ ਮਰੀਜ਼ਾਂ ਨੂੰ ਕਾਊਂਸਲਿੰਗ ਦੇ ਨਾਲ ਹੋਰ ਮਿਲਣ ਵਾਲੀਆਂ ਵਿੱਤੀ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾਵੇ ਤਾਂ ਜੋ ਸਰਕਾਰ ਵਲੋਂ ਟੀ.ਬੀ. ਵਿਰੁੱਧ ਚਲਾਈ ਗਈ ਮੁਹਿੰਮ ਨੂੰ ਟੀਚੇ ਅਨੁਸਾਰ ਪ੍ਰਾਪਤ ਕੀਤਾ ਜਾ ਸਕੇ। ਮੀਟਿੰਗ ਵਿਚ ਜਿਲ੍ਹਾ ਟੀਕਾ ਅਫਸਰ ਡਾ. ਕਮਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀ.ਬੀ. ਦੇ ਮਰੀਜ਼ਾਂ ਦੀ ਰਿਕਵਰੀ 84 ਫੀਸਦ ਹੈ ਅਤੇ ਨਿਰੰਤਰ ਮਰੀਜ਼ਾਂ ਦੇ ਨਾਲ ਇਲਾਜ ਕਰਵਾਉਣ ਲਈ ਸੰਪਰਕ ਵੀ ਕੀਤਾ ਜਾਂਦਾ ਹੈ।
ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਆਮ ਆਦਮੀ ਕਲੀਨਿਕ ਦੀ ਕਾਰਗੁਜ਼ਾਰੀ ਦੀ ਪੜਤਾਲ ਕੀਤੀ ਗਈ ਅਤੇ ਮੀਟਿੰਗ ਵਿਚ ਹਾਜਰ ਸਿਵਲ ਸਰਜਨ ਡਾ. ਮੰਜੂ ਵਿਜ ਸਮੇਤ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਮਿਲਣਾ ਯਕੀਨੀ ਕੀਤਾ ਜਾਵੇ ਅਤੇ ਦਵਾਈਆਂ ਦੇ ਭੰਡਾਰ ਦਾ ਪ੍ਰਬੰਧ ਪਹਿਲਾਂ ਤੋਂ ਹੀ ਕੀਤਾ ਜਾਵੇ ਤਾਂ ਜੋ ਹਰ ਮਰੀਜ਼ ਸਰਕਾਰੀ ਹਸਪਤਾਲ ਤੋਂ ਮੁਫਤ ਦਵਾਈ ਲੈ ਕੇ ਜਾਵੇ।
ਡਾ. ਪ੍ਰੀਤੀ ਯਾਦਵ ਨੇ ਡਾਇਲੈਸਿਸ ਯੂਨਿਟ ਸੇਵਾ ਦਾ ਨਿਰੀਖਣ ਕਰਦਿਆਂ ਸਿਵਲ ਸਰਜਨ ਨੂੰ ਕਿਹਾ ਕਿ ਸਬ-ਡਿਵੀਜ਼ਨਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਲਦ ਨਵਾਂ ਡਾਇਲੈਸਿਸ ਯੂਨਿਟ ਸਥਾਪਿਤ ਕਰਨ ਦੀ ਤਜਵੀਜ਼ ਭੇਜੀ ਜਾਵੇ ਅਤੇ ਜੇਕਰ ਸਿਵਲ ਹਸਪਤਾਲ ਰੋਪੜ ਵਿਚ ਵੀ ਹੋਰ ਮਸ਼ੀਨਾਂ ਦੀ ਲੋੜ ਹੈ ਤਾਂ ਉਸ ਬਾਰੇ ਇੱਕ ਹਫਤੇ ਵਿਚ ਮੰਗ ਭੇਜੀ ਜਾਵੇ।
ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਹਦਾਇਤਾਂ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਸਿਹਤ ਬੀਮਾ ਯੋਜਨਾ ਅਧੀਨ ਹੀ ਦਾਖਲ ਕੀਤਾ ਜਾਵੇ ਤਾਂ ਸਰਕਾਰੀ ਹਸਪਤਾਲਾਂ ਦੀ ਆਮਦਨ ਵਿਚ ਵਾਧਾ ਵੀ ਹੋਵੇ ਅਤੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਵੀ ਮਿਲ ਸਕੇ।
ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਰੂਪਨਗਰ ਦੇ ਸਿਵਲ ਹਸਪਤਾਲ, ਸਬ-ਡਿਵੀਜ਼ਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਅਤੇ ਮੁੱਢਲਾ ਸਿਹਤ ਕੇਂਦਰਾਂ ਦੀ ਕਾਰਗੁਜ਼ਾਰੀ ਦੀ ਵੀ ਸਮੀਖਿਆ ਕੀਤੀ ਅਤੇ ਹਸਪਤਾਲਾਂ ਵਿਚ ਆਮ ਲੋਕਾਂ ਨੂੰ ਹੋਰ ਵਧੀਆ ਸਿਹਤ ਸੇਵਾਵਾਂ ਦੇਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਮੋਰਿੰਡਾ ਦੀ ਇਮਾਰਤ ਦੀ ਮੁਰੰਮਤ ਲਈ ਜਲਦ ਰਾਸ਼ੀ ਜਾਰੀ ਕੀਤੀ ਜਾਵੇਗੀ ਤਾਂ ਜੋ ਮਰੀਜ਼ਾਂ ਨੂੰ ਹਸਪਤਾਲ ਵਿਖੇ ਵਧੀਆ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਰਦੀਪ ਸਿੰਘ ਗੁਜਰਾਲ, ਸਹਾਇਕ ਕਮਿਸ਼ਨਰ ਸ. ਅਰਵਿੰਦਰਪਾਲ ਸਿੰਘ ਸੋਮਲ, ਸਿਵਲ ਸਰਜਨ ਡਾ. ਮਨੂੰ ਵਿੱਜ, ਐਸ.ਡੀ.ਐਮ. ਰੂਪਨਗਰ ਸ. ਰਾਜਪਾਲ ਸਿੰਘ ਸੇਖੋਂ, ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ, ਐਸ.ਐਮ.ਓ. ਰੂਪਨਗਰ ਡਾ. ਤਰਸੇਮ ਸਿੰਘ, ਐਸ.ਐਮ.ਓ. ਸ੍ਰੀ ਚਮਕੌਰ ਸਾਹਿਬ ਡਾ. ਗੋਬਿੰਦ ਟੰਡਨ, ਐਸ.ਐਮ.ਓ. ਸ੍ਰੀ ਅਨੰਦਪੁਰ ਸਾਹਿਬ ਡਾ. ਚਰਨਜੀਤ ਕੁਮਾਰ, ਐਸ.ਐਮ.ਓ. ਭਰਤਗੜ੍ਹ ਡਾ. ਅਨੰਦ ਘਈ, ਐਸ.ਐਮ.ਓ. ਕੀਰਤਪੁਰ ਸਾਹਿਬ ਡਾ. ਦਲਜੀਤ ਕੌਰ, ਡਾ. ਕਮਲ, ਡਾ. ਪ੍ਰਭਲੀਨ ਕੌਰ, ਡਾ. ਸੋਨਾਲੀ ਵੋਹਰਾ, ਡਾ. ਗੀਤਾਂਜਲੀ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।