Cough for more than two weeks, weight loss, loss of appetite, fatigue or night sweats are symptoms of TB – Dr. Navroop Kaur

ਦੋ ਹਫ਼ਤਿਆਂ ਤੋਂ ਵੱਧ ਖਾਂਸੀ, ਭਾਰ ਘਟਣਾ, ਭੁੱਖ ਘੱਟ ਲੱਗਣਾ, ਥਕਾਵਟ ਜਾਂ ਰਾਤ ਸਮੇਂ ਪਸੀਨਾ ਆਉਣਾ ਟੀਬੀ ਦੇ ਲੱਛਣ – ਡਾ. ਨਵਰੂਪ ਕੌਰ
ਰੂਪਨਗਰ, 24 ਮਾਰਚ: ਵਿਸ਼ਵ ਟੀਬੀ ਦਿਵਸ ਮੌਕੇ ਅੱਜ ਸਿਵਲ ਸਰਜਨ ਦਫ਼ਤਰ ਵਿੱਚ ‘ਅਸੀਂ ਟੀ. ਬੀ ਨੂੰ ਹਰਾ ਸਕਦੇ ਹਾਂ’ ਦੇ ਨਾਅਰੇ ਹੇਠ ਜਾਗਰੂਕਤਾ ਰੈਲੀ ਨੂੰ ਕਾਰਜਕਾਰੀ ਸਿਵਲ ਸਰਜਨ ਡਾ. ਨਵਰੂਪ ਕੌਰ, ਸਹਾਇਕ ਸਿਵਲ ਸਰਜਨ ਡਾ. ਵਿਸ਼ਾਲ ਗਰਗ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ ਅਤੇ ਜ਼ਿਲ੍ਹਾ ਟੀ.ਬੀ. ਅਫਸਰ ਡਾ. ਕਮਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਡਾ. ਨਵਰੂਪ ਕੌਰ ਨੇ ਕਿਹਾ ਕਿ ਟੀ.ਬੀ. (ਟਿਊਬਰਕਲੋਸਿਸ) ਦਾ ਮੁੱਖ ਕਾਰਨ ਮਾਈਕਬੈਕਟੀਰੀਅਮ ਟਿਊਬਰਕਲੋਸਿਸ ਬੈਕਟਰੀਆ ਹੈ। ਟੀਬੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਉਦੋਂ ਫ਼ੈਲਦਾ ਹੈ ਜਦੋਂ ਕੋਈ ਵਿਅਕਤੀ ਖੰਘਦਾ ਹੈ ਜਾਂ ਛਿੱਕ ਮਾਰਦਾ ਹੈ ਤੇ ਖੰਘਣ ਜਾਂ ਛਿੱਕਣ ਨਾਲ ਛੱਡੀਆਂ ਗਈਆਂ ਬੂੰਦਾਂ ਸਾਹ ਰਾਹੀ ਕਿਸੇ ਤੰਦਰੁਸਤ ਵਿਅਕਤੀ ਦੇ ਅੰਦਰ ਚਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਟੀ.ਬੀ. ਦੇ ਸਹਿ ਕਾਰਕਾਂ ਵਿੱਚ ਕੁਪੋਸ਼ਣ, ਲੰਬੀ ਬਿਮਾਰੀ ਵਾਲੇ ਵਿਅਕਤੀ ਆਦਿ ਸ਼ਾਮਲ ਹੈ। ਟੀ.ਬੀ. ਦੀ ਜਾਂਚ ਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਦਾ ਇਲਾਜ ਕਦੇ ਵੀ ਅੱਧ-ਵਾਟੇ ਨਹੀਂ ਛੱਡਣਾ ਚਾਹੀਦਾ।
ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਕਮਲ ਨੇ ਕਿਹਾ ਕਿ ਰੋਜ਼ਾਨਾ ਪੌਸ਼ਟਿਕ ਤੇ ਸਾਫ ਭੋਜਣ ਦਾ ਸੇਵਨ, ਰੋਜ਼ਾਨਾ ਕਸਰਤ ਤੇ ਸਾਫ਼ ਵਾਤਾਵਰਣ ਵਿੱਚ ਸੈਰ ਕਰਨ ਨਾਲ ਟੀ.ਬੀ. ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਖਾਂਸੀ, ਭਾਰ ਘਟਣਾ, ਭੁੱਖ ਘੱਟ ਲੱਗਣਾ, ਥਕਾਵਟ ਰਹਿਣਾ ਜਾਂ ਰਾਤ ਸਮੇਂ ਪਸੀਨਾ ਆਉਣਾ ਟੀ.ਬੀ. ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿਖੇ ਟੀ.ਬੀ. ਦੀ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ 2025 ਤੱਕ ਟੀ.ਬੀ. ਤੋਂ ਮੁਕਤ ਕਰਨ ਦਾ ਟੀਚਾ ਹੈ। ਇਸ ਵਾਰ ‘ਹਾਂ, ਅਸੀਂ ਟੀ.ਬੀ. ਨੂੰ ਖਤਮ ਕਰ ਸਕਦੇ ਹਾਂ’, ਥੀਮ ਹੇਠ ਟੀ.ਬੀ. ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਵਿਸ਼ਵ ਟੀ.ਬੀ. ਦਿਵਸ ਮੌਕੇ ਸਰਕਾਰੀ ਨਰਸਿੰਗ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਟੀ.ਬੀ. ਬਾਰੇ ਜਾਗਰੂਕਤਾ ਫ਼ੈਲਾਉਣ ਦੇ ਮਕਸਦ ਨਾਲ ਜਾਗਰੁਕਤਾ ਰੈਲੀ ਕੱਢੀ ਗਈ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫਸਰ ਗੁਰਮੀਤ ਕੌਰ, ਰਵਿੰਦਰ ਸਿੰਘ, ਰਿਤੂ ਅਤੇ ਡੀ.ਪੀ.ਐਸ ਇੰਦਰਜੀਤ ਸਿੰਘ ਆਦਿ ਹਜ਼ਾਰ ਸਨ।