Cleanliness of Rupnagar city continues continuously, work of cleaning drains in Sadabarat (slum area) was done

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਰੂਪਨਗਰ ਸ਼ਹਿਰ ਦੀ ਸਫਾਈ ਨਿਰੰਤਰ ਜਾਰੀ, ਸਦਾਬਰਤ (ਸਲੱਮ ਏਰੀਆ) ਵਿਖੇ ਨਾਲਿਆਂ ਦੀ ਸਫਾਈ ਦਾ ਕੰਮ ਕਰਵਾਇਆ
ਵਧੀਕ ਡਿਪਟੀ ਕਮਿਸ਼ਨਰ ਨੇ 31 ਜੁਲਾਈ ਤੱਕ ਚੱਲਣ ਵਾਲੀ ‘ਸਫਾਈ ਅਪਣਾਓ, ਬਿਮਾਰੀ ਭਜਾਓ’ ਮੁਹਿੰਮ ‘ਚ ਸ਼ਹਿਰ ਵਾਸੀਆਂ ਨੂੰ ਪੂਰਾ ਸਹਿਯੋਗ ਦੇਣ ਦੀ ਕੀਤੀ ਅਪੀਲ
ਰੂਪਨਗਰ, 16 ਜੁਲਾਈ: ‘ਸਫਾਈ ਅਪਣਾਓ, ਬਿਮਾਰੀ ਭਜਾਓ’ ਮੁਹਿੰਮ ਤਹਿਤ ਬਿਮਾਰੀਆਂ ਤੋਂ ਬਚਾਅ ਲਈ ਅਤੇ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਕੌਂਸਲ ਰੂਪਨਗਰ ਵੱਲੋਂ ਸ਼ਹਿਰ ਵਿਚ ਵਿਸ਼ੇਸ਼ ਸਫਾਈ ਅਭਿਆਨ ਨਿਰੰਤਰ ਤੌਰ ‘ਤੇ ਜਾਰੀ ਹੈ। ਇਸ ਲੜੀ ਦੇ ਤਹਿਤ ਨਗਰ ਕੌਂਸਲ ਰੂਪਨਗਰ ਵੱਲੋਂ ਸਦਾਬਰਤ (ਸਲੱਮ ਏਰੀਆ) ਵਿਖੇ ਨਾਲਿਆਂ ਦੀ ਸਫਾਈ ਦਾ ਕੰਮ ਕਰਵਾਇਆ ਗਿਆ।ਬਰਸਾਤੀ ਮੌਸਮ ਕਾਰਨ ਇੱਥੋਂ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਫਾਈ ਕਰਮਚਾਰੀਆਂ ਵੱਲੋਂ ਇੱਥੋਂ ਦੇ ਨਾਲਿਆਂ ਦੀ ਸਫਾਈ ਦਾ ਜੰਗੀ ਪੱਧਰ ਤੇ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਰੂਪਨਗਰ ਵੱਲੋਂ ‘ਸਫ਼ਾਈ ਅਪਣਾਓ ਬਿਮਾਰੀ ਭਜਾਓ’ ਮੁਹਿੰਮ ਰੂਪਨਗਰ ਵਿਖੇ 1 ਜੁਲਾਈ ਤੋਂ 31 ਜੁਲਾਈ ਤੱਕ ਚਲਾਈ ਜਾ ਰਹੀ ਹੈ।
ਇਸ ਮੌਕੇ ਉਨ੍ਹਾਂ ਇਸ ਮੁਹਿੰਮ ਦੌਰਾਨ ਸਕੂਲਾਂ, ਕਾਲਜਾਂ, ਐਨ.ਸੀ.ਸੀ., ਐਨ.ਐਸ.ਐਸ. ਵਲੰਟੀਅਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇਸ ਮੁਹਿੰਮ ਵਿਚ ਨਗਰ ਕੌਂਸਲ ਦਾ ਸਹਿਯੋਗ ਦੇਣ ਤਾਂ ਜੋ ਸ਼ਹਿਰ ਨੂੰ ਹੋਰ ਸੁੰਦਰ ਬਣਾਇਆ ਜਾ ਸਕੇ। ਇਸ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਸਫ਼ਾਈ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।
ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਤੱਕ ਚੱਲਣ ਵਾਲੀ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ। ਉਨ੍ਹਾਂ ਆਗ੍ਰਹ ਕੀਤਾ ਕਿ ਲੋਕ ਆਪਣੇ ਘਰਾਂ ਵਿੱਚ ਕੂਲਰ, ਟੁੱਟੇ ਗਮਲੇ, ਪੁਰਾਣੇ ਬਰਤਨ, ਜਾਂ ਹੋਰ ਕਬਾੜ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ, ਤਾਂ ਜੋ ਡੇਂਗੂ ਅਤੇ ਹੋਰ ਰੋਗਾਂ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ, ਸਵਸੱਥਾ ਵੀਰ ਨੂੰ ਵੱਖਰਾ ਹੀ ਦੇਣ, ਅਤੇ ਸਿੰਗਲ ਯੂਸ ਪਲਾਸਟਿਕ ਵਰਤਣ ਤੋਂ ਪਰਹੇਜ਼ ਕਰਨ। ਕੂੜਾ ਕੱਢਣ ਲਈ ਸੜਕਾਂ, ਗਲੀਆਂ ਜਾਂ ਖੁੱਲੇ ਥਾਵਾਂ ਦੀ ਵਰਤੋਂ ਨਾ ਕਰੀ ਜਾਵੇ ਕਿਉਂਕਿ ਇਹ ਵਾਤਾਵਰਣ ਲਈ ਬਹੁਤ ਹਾਨੀਕਾਰਕ ਹੈ।