Candidates who have passed the written exam for army recruitment will be given free physical training by the district administration – Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਫ਼ੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਪਾਸ ਕਰ ਚੁੱਕੇ ਉਮੀਦਾਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਸਾਨ ਵਲੋਂ ਫਰੀ ਫਿਜ਼ੀਕਲ ਟ੍ਰੇਨਿੰਗ ਦਿੱਤੀ ਜਾਵੇਗੀ – ਡਿਪਟੀ ਕਮਿਸ਼ਨਰ
01 ਅਕਤੂਬਰ ਤੋਂ ਜ਼ਿਲ੍ਹੇ ਦੇ 3 ਕੇਂਦਰਾਂ ‘ਚ ਆਰਮੀ ਦੀਆਂ ਨਿਰਧਾਰਤ ਗਾਈਡਲਾਈਨਜ਼ ਦੇ ਮੁਤਾਬਿਕ ਆਰਮੀ ਟ੍ਰੇਨਡ ਅਫਸਰ ਤੇ ਸਪੋਰਟਸ ਕੋਚ ਨੌਜ਼ਵਾਨਾਂ ਨੂੰ ਤਿਆਰੀ ਕਰਵਾਉਣਗੇ
ਰੂਪਨਗਰ, 23 ਸਤੰਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਕਤੂਬਰ ਤੋਂ ਜ਼ਿਲ੍ਹੇ ਦੇ 3 ਕੇਂਦਰਾਂ ਵਿੱਚ ਪੇਸ਼ੇਵਰ ਕੋਚ ਨੌਜ਼ਵਾਨਾਂ ਨੂੰ ਫ਼ੌਜ (ਆਰਮੀ) ਦੀ ਭਰਤੀ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਉਪਰਾਲੇ ਨਾਲ ਜ਼ਿਲ੍ਹਾ ਰੂਪਨਗਰ ਦੇ ਫ਼ੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਪਾਸ ਕਰ ਚੁੱਕੇ 1509 ਉਮੀਦਵਾਰਾਂ ਨੂੰ ਫਿਜ਼ੀਕਲ ਟ੍ਰੇਨਿੰਗ ਪ੍ਰਾਪਤ ਕਰਨ ਦਾ ਸੁਨਿਹਰੀ ਮੌਕਾ ਮਿਲੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਆਰਮੀ ਦੀ ਭਰਤੀ ਲਈ ਜ਼ਿਲ੍ਹੇ ਵਿੱਚ 3 ਮੁਫਤ ਫਿਜ਼ੀਕਲ ਟ੍ਰੇਨਿੰਗ ਕੇਂਦਰ ਖੋਲ੍ਹੇ ਗਏ ਹਨ ਜਿਸ ਅਧੀਨ ਰੂਪਨਗਰ ਵਿਖੇ ਸਰਕਾਰੀ ਕਾਲਜ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਕਾਲਜ ਅਤੇ ਨੰਗਲ ਵਿਖੇ ਸੀ-ਪਾਈਟ ਕੈਂਪ (ਸਿਵਾਲਿਕ ਕਾਲਜ) ਵਿਖੇ ਕੇਂਦਰ ਸਥਾਪਿਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ 1 ਅਕਤੂਬਰ 2025 ਤੋਂ ਸਵੇਰੇ 7:00 ਵਜੇ ਤੋਂ 9:00 ਵਜੇ ਤੱਕ (ਰੋਜ਼ਾਨਾ 2 ਘੰਟੇ) ਫਿਜ਼ੀਕਲ ਟ੍ਰੇਨਿੰਗ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਇਨ੍ਹਾਂ ਕੇਂਦਰਾਂ ਵਿੱਚ ਸਿਖਲਾਈ 31 ਅਕਤੂਬਰ ਤੱਕ ਜਾਰੀ ਰਹੇਗੀ।
ਉਨ੍ਹਾਂ ਦੱਸਿਆ ਕਿ ਬਲਾਕ ਰੂਪਨਗਰ, ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਦੇ ਟ੍ਰੇਨਿੰਗ ਦੇ ਚਾਹਵਾਨ ਉਮੀਦਵਾਰ ਸਰਕਾਰੀ ਕਾਲਜ, ਰੂਪਨਗਰ ਵਿਖੇ ਸਿਖਲਾਈ ਲੈਣ ਲਈ ਹੈਲਪਲਾਈਨ ਨੰਬਰ 01881-222104 ਤੇ ਸੰਪਰਕ ਕਰ ਸਕਦੇ ਹਨ। ਬਲਾਕ ਸ੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਨਾਲ ਸਬੰਧਤ ਚਾਹਵਾਨ ਉਮੀਦਵਾਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿਖਲਾਈ ਲਈ ਹੈਲਪਲਾਈਨ ਨੰਬਰ: 8360401372 ਅਤੇ ਬਲਾਕ ਨੰਗਲ ਨਾਲ ਸਬੰਧਤ ਚਾਹਵਾਨ ਉਮੀਦਵਾਰ ਸੀ.ਪਾਈਟ ਸੈਂਟਰ ਐਟ ਨੰਗਰ ਦੇ ਹੈਲਪਲਾਈਨ ਨੰਬਰ 9041558978 ਤੇ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਸਿਖਲਾਈ ਕੇਂਦਰਾਂ ਵਿੱਚ 1 ਅਕਤੂਬਰ ਤੋਂ ਰਜਿਸਟ੍ਰੇਸ਼ਨ ਅਤੇ ਸਿਖਲਾਈ ਸ਼ੁਰੂ ਕੀਤੀ ਜਾਵੇਗੀ। ਸਿਖਲਾਈ ਲੈਣ ਦੇ ਚਾਹਵਾਨ ਉਮੀਦਵਾਰ 1 ਅਕਤੂਬਰ ਨੂੰ ਸਬੰਧਤ ਕੇਂਦਰ ਵਿੱਚ ਪਹੁੰਚ ਸਕਦੇ ਹਨ।