Awareness seminar organized at Civil Hospital Rupnagar on the occasion of World Heart Day

ਵਿਸ਼ਵ ਦਿਲ ਦਿਵਸ ਮੌਕੇ ਸਿਵਲ ਹਸਪਤਾਲ ਰੂਪਨਗਰ ਵਿੱਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ
29 ਸਤੰਬਰ: ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ਵ ਦਿਲ ਦਿਵਸ “ਡੋਂਟ ਮਿਸ ਏ ਬੀਟ” ਥੀਮ ਤਹਿਤ ਜ਼ਿਲ੍ਹਾ ਹਸਪਤਾਲ ਰੂਪਨਗਰ ਵਿੱਚ ਇਕ ਵਿਸ਼ਾਲ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੈਡੀਕਲ ਸਪੈਸ਼ਲਿਸਟ ਡਾਕਟਰਾਂ, ਨਰਸਿੰਗ ਸਟਾਫ, ਸਿਹਤ ਵਿਭਾਗ ਦੇ ਅਧਿਕਾਰੀਆਂ, ਵਿਦਿਆਰਥੀਆਂ ਅਤੇ ਆਮ ਜਨਤਾ ਨੇ ਭਾਗ ਲਿਆ।
ਸੈਮੀਨਾਰ ਦੀ ਸ਼ੁਰੂਆਤ ਸਿਵਲ ਹਸਪਤਾਲ ਰੂਪਨਗਰ ਦੀ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਡਾ. ਸਿਮਰਨਜੀਤ ਕੌਰ ਵੱਲੋਂ ਕੀਤੇ ਸੰਬੋਧਨ ਨਾਲ ਹੋਈ। ਉਨ੍ਹਾਂ ਨੇ ਕਿਹਾ ਕਿ ਹਿਰਦੇ ਦੀਆਂ ਬਿਮਾਰੀਆਂ ਦੁਨੀਆ ਭਰ ਵਿੱਚ ਮੌਤਾਂ ਦਾ ਇੱਕ ਮੁੱਖ ਕਾਰਨ ਹਨ। ਧੂਮਰਪਾਨ, ਸ਼ਰਾਬ ਸੇਵਨ, ਤਣਾਅ, ਗਲਤ ਖੁਰਾਕ, ਵਧਦਾ ਮੋਟਾਪਾ, ਉੱਚ ਰਕਤਚਾਪ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਹਿਰਦਾ ਰੋਗਾਂ ਲਈ ਖ਼ਤਰਨਾਕ ਕਾਰਕ ਹਨ।
ਮੈਡੀਕਲ ਸਪੈਸ਼ਲਿਸਟ ਡਾ. ਪੁਨੀਤ ਸੈਣੀ ਨੇ ਸਿਹਤਮੰਦ ਜੀਵਨ ਸ਼ੈਲੀ ਨੂੰ ਹਿਰਦਾ ਰੋਗਾਂ ਤੋਂ ਬਚਾਅ ਦਾ ਸਭ ਤੋਂ ਵਧੀਆ ਹਥਿਆਰ ਦੱਸਿਆ। ਉਨ੍ਹਾਂ ਨੇ ਲੋਕਾਂ ਨੂੰ ਰੋਜ਼ਾਨਾ ਘੱਟੋ-ਘੱਟ 30 ਮਿੰਟ ਵਰਜ਼ਿਸ਼ ਕਰਨ, ਤਾਜ਼ੇ ਫਲਾਂ-ਸਬਜ਼ੀਆਂ ਖਾਣ, ਤੇਲ ਅਤੇ ਨਮਕ ਦੀ ਸੀਮਿਤ ਵਰਤੋਂ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਹਿਰਦੇ ਦੇ ਰੋਗਾਂ ਦੇ ਸ਼ੁਰੂਆਤੀ ਲੱਛਣਾਂ ਬਾਰੇ ਵੀ ਜਾਣਕਾਰੀ ਦਿੱਤੀ, ਜਿਵੇਂ ਕਿ ਛਾਤੀ ਵਿੱਚ ਦਰਦ ਜਾਂ ਦਬਾਅ, ਸਾਹ ਲੈਣ ਵਿੱਚ ਤਕਲੀਫ਼, ਪਸੀਨਾ ਆਉਣਾ, ਚੱਕਰ ਆਉਣਾ ਅਤੇ ਬਾਂਹਾਂ ਜਾਂ ਗਰਦਨ ਵਿੱਚ ਦਰਦ ਆਉਣਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮੌਕਿਆਂ ‘ਤੇ ਤੁਰੰਤ ਹਸਪਤਾਲ ਪਹੁੰਚਣਾ ਜੀਵਨ ਬਚਾ ਸਕਦਾ ਹੈ।
ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਜ਼ਾਨਾ ਜੀਵਨ ਵਿੱਚ ਸਕਾਰਾਤਮਕ ਬਦਲਾਅ ਕਰਨ। ਉਨ੍ਹਾਂ ਨੇ ਰੋਜ਼ਾਨਾ 10 ਹਜ਼ਾਰ ਕਦਮ ਤੁਰਨ, ਜੰਕ ਫੂਡ ਤੋਂ ਦੂਰ ਰਹਿਣ, ਨੀਂਦ ਪੂਰੀ ਕਰਨ ਅਤੇ ਨਿਯਮਿਤ ਤੌਰ ‘ਤੇ ਸਿਹਤ ਜਾਂਚ ਕਰਵਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਸਿਹਤ ਵਿਭਾਗ ਰੂਪਨਗਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਲੋਕਾਂ ਦੀ ਭਲਾਈ ਲਈ ਅੱਗੇ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਸਮਾਗਮ ਅਤੇ ਸਿਹਤ ਜਾਂਚ ਕੈਂਪ ਕਰਵਾਏ ਜਾਂਦੇ ਰਹਿਣਗੇ।
ਇਸ ਮੌਕੇ ‘ਤੇ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਗੁਰਸੇਵਕ ਸਿੰਘ, ਡਾ. ਹਰਲੀਨ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਧਿਕਾਰੀ ਗੁਰਮੀਤ ਕੌਰ, ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ ਅਤੇ ਐਲ.ਐਚ.ਵੀ. ਰਜਿੰਦਰ ਕੌਰ ਵੀ ਹਾਜ਼ਰ ਸਨ।