Awareness seminar on Menstrual Hygiene Day organized at Government Senior Secondary School for Girls

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਮਾਹਵਾਰੀ ਸਫਾਈ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਕੀਤਾ ਆਯੋਜਨ
ਰੂਪਨਗਰ, 28 ਮਈ: ਸਿਵਲ ਸਰਜਨ ਰੂਪਨਗਰ ਡਾ. ਸਵਪਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਕੰਨਿਆ ਸਕੂਲ ਰੂਪਨਗਰ ਵਿਖੇ ਬੱਚਿਆਂ ਨੂੰ ਮਾਸਿਕ ਸਫਾਈ ਦਿਵਸ ਦੇ ਸਬੰਧ ਵਿੱਚ ਜਾਗਰੂਕ ਕੀਤਾ ਗਿਆ।
ਇਸ ਮੌਕੇ ਤੇ ਬੋਲਦਿਆਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਸ਼੍ਰੀਮਤੀ ਗੁਰਮੀਤ ਕੌਰ ਨੇ ਕਿਹਾ ਕਿ ਮਾਹਵਾਰੀ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਸ ਵਿੱਚੋਂ ਇੱਕ ਔਰਤ ਹਰ ਮਹੀਨੇ ਲੰਘਦੀ ਹੈ। ਔਰਤਾਂ ਲਈ ਇਹ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ, ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਹਰ ਸਾਲ 28 ਮਈ ਨੂੰ ਵਿਸ਼ਵ ਮਾਹਵਾਰੀ ਸਫਾਈ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਨੂੰ ਮਾਹਵਾਰੀ ਸਫਾਈ ਦਿਵਸ ਵੀ ਕਿਹਾ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਔਰਤਾਂ ਨੂੰ ਪੀਰੀਅਡਜ਼ ਪ੍ਰਤੀ ਸਵੱਛਤਾ, ਸਫਾਈ, ਇਨਫੈਕਸ਼ਨ ਆਦਿ ਪ੍ਰਤੀ ਜਾਗਰੂਕ ਕਰਨਾ ਹੈ। ਜੇਕਰ ਤੁਸੀਂ ਪੀਰੀਅਡਸ ਦੇ ਦੌਰਾਨ ਸਫਾਈ ਦਾ ਧਿਆਨ ਨਹੀਂ ਰੱਖਦੇ ਤਾਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਕੁਝ ਨੁਸਖੇ ਅਪਣਾ ਕੇ ਤੁਸੀਂ ਪੀਰੀਅਡਜ਼ ਦੌਰਾਨ ਖੁਦ ਨੂੰ ਸਿਹਤਮੰਦ ਅਤੇ ਫਿੱਟ ਰੱਖ ਸਕਦੇ ਹੋ ਅਤੇ ਕਈ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ।
ਇਸ ਸਬੰਧੀ ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਂਵਾਰੀ ਵਿੱਚ ਕੁੜੀਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਕਈ ਮੁੱਖ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇ ਸਿਹਤਮੰਦ ਖੁਰਾਕ ਦੇ ਨਾਲ ਨਾਲ ਆਇਰਨ, ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਆਹਾਰ ਲੈਣਾ ਚਾਹੀਦਾ ਹੈ, ਮੌਸਮੀ ਫਲ, ਦਾਲਾਂ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਵਰਗੀਆਂ ਚੀਜ਼ਾਂ ਗ੍ਰਾਹਿਣ ਕਰਨ ਨਾਲ ਸਰੀਰ ਵਿੱਚ ਖੂਨ ਦੀ ਕਮੀ ਦੂਰ ਕਰਨ ਵਿੱਚ ਮਦਦ ਮਿਲਦੀ ਹੈ, ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ, ਰੋਜ਼ਾਨਾ ਹਲਕੀ ਕਸਰਤ ਜਾਂ ਯੋਗਾ ਕਰਨ ਨਾਲ ਸਰੀਰ ਦੀ ਸਿਹਤ ਬਿਹਤਰ ਹੋ ਸਕਦੀ ਹੈ ਅਤੇ ਮਹਾਂਵਾਰੀ ਦੇ ਦਰਦ ਵਿੱਚ ਵੀ ਸੁਧਾਰ ਆ ਸਕਦਾ ਹੈ।
ਸ਼੍ਰੀਮਤੀ ਗੁਰਮੀਤ ਕੌਰ ਨੇ ਅੱਗੇ ਦੱਸਿਆ ਕਿ ਸੈਨਟਰੀ ਪੈਡ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਉਸਨੂੰ ਸਮੇਂ-ਸਿਰ ਬਦਲਣਾ ਚਾਹੀਦਾ ਹੈ। ਸਰੀਰ ਨੂੰ ਸਾਫ਼ ਰੱਖਣ ਨਾਲ ਇਨਫੈਕਸ਼ਨ ਤੋਂ ਬਚਾਅ ਕਰ ਸਕਦੇ ਹਾਂ। ਮਨ ਨੂੰ ਵੀ ਸਕਾਰਾਤਮਕ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਾਂਵਾਰੀ ਇੱਕ ਸਧਾਰਨ ਜੀਵਨ ਚੱਕਰ ਅਤੇ ਜਨਨ ਤੰਤ੍ਰ ਦੀ ਸਿਹਤ ਦੀ ਦਿਸ਼ਾ ਦਿਖਾਉਣ ਵਾਲੀ ਪ੍ਰਕਿਰਿਆ ਹੈ। ਮਹਾਂਵਾਰੀ ਦੀਆਂ ਸਮੱਸਿਆਵਾਂ ਜਿਵੇਂ ਕਿ ਬਹੁਤ ਜਿਆਦਾ ਦਰਦ, ਬਿਨਾਂ ਕਿਸੇ ਕਾਰਨ ਦੇ ਲੰਬੀ ਮਹਾਂਵਾਰੀ ਜਾਂ ਹਰ ਮਹੀਨੇ ਦੇ ਸਮੇਂ ਵਿੱਚ ਵੱਡਾ ਬਦਲਾਅ ਆਉਣਾ, ਜਨਨ ਤੰਤ੍ਰ ਵਿੱਚ ਕੋਈ ਸਮੱਸਿਆ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸਨੂੰ ਛੁਪਾਉਣਾ ਨਹੀਂ ਚਾਹੀਦਾ ਘਰ ਵਿੱਚ ਪਹਿਲਾਂ ਆਪਣੀ ਮਾਤਾ ਨਾਲ ਫਿਰ ਟੀਚਰ ਨਾਲ ਗੱਲ ਕਰਨੀ ਚਾਹੀਦੀ ਹੈ ਜਾਂ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਲੇਡੀ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।
ਇਸ ਮੌਕੇ ਡਾ. ਰਿੰਪਲ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਰਵਿੰਦਰ ਸਿੰਘ, ਮੈਡਮ ਰਿਤੂ, ਸਕੂਲ ਪ੍ਰਿੰਸੀਪਲ ਸੰਦੀਪ ਕੌਰ, ਟੀਚਰ ਅਤੇ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ।