Appropriate and quality health services will be provided to the congregation attending Hola Mohalla – Civil Surgeon
ਹੋਲਾ ਮਹੱਲਾ ਮੌਕੇ ਆਉਣ ਵਾਲੀ ਸੰਗਤ ਨੂੰ ਉਚਿਤ ਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ – ਸਿਵਲ ਸਰਜਨ
ਹੋਲਾ ਮਹੱਲਾ ਦੇ ਸੰਬੰਧ ਵਿੱਚ ਸਮੂਹ ਸੀਨੀਅਰ ਮੈਡੀਕਲ ਅਫਸਰ ਤੇ ਸਮੂਹ ਸਟਾਫ਼ ਦੀ ਹੋਈ ਮੀਟਿੰਗ
ਰੂਪਨਗਰ, 21 ਫਰਵਰੀ: ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਅਤੇ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਿੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਸਮੂਹ ਬਲਾਕ ਸੀਨੀਅਰ ਮੈਡੀਕਲ ਅਫਸਰਾਂ ਅਤੇ ਸਬੰਧਤ ਸਿਹਤ ਸਟਾਫ ਦੀ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ 27 ਫਰਵਰੀ ਤੋਂ 04 ਮਾਰਚ 2026 ਤੱਕ ਕੀਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਪ੍ਰਸਿੱਧ ਧਾਰਮਿਕ ਅਤੇ ਇਤਿਹਾਸਕ ਤਿਉਹਾਰ ਹੋਲਾ ਮਹੱਲਾ ਦੇ ਮੌਕੇ ਸਿਹਤ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ।
ਡਾ. ਗੁਰਿੰਦਰਜੀਤ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਲਾ ਮਹੱਲਾ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਦੀ ਹੈ, ਇਸ ਲਈ ਸਿਹਤ ਸੇਵਾਵਾਂ ਦੀ ਉਚਿਤ ਅਤੇ ਸੁਚੱਜੀ ਵਿਵਸਥਾ ਕਰਨਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਸਾਰੇ ਬਲਾਕ ਸੀਨੀਅਰ ਮੈਡੀਕਲ ਅਫਸਰਾਂ ਨੂੰ ਹੁਕਮ ਦਿੱਤੇ ਕਿ ਆਪਣੇ-ਆਪਣੇ ਖੇਤਰਾਂ ਵਿੱਚ ਸਿਹਤ ਟੀਮਾਂ ਦੀ ਤਾਇਨਾਤੀ, ਐਮਬੂਲੈਂਸ ਸੇਵਾਵਾਂ, ਦਵਾਈਆਂ ਦੀ ਉਪਲਬਧਤਾ ਅਤੇ ਐਮਰਜੈਂਸੀ ਸਥਿਤੀਆਂ ਲਈ ਤਿਆਰੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸਿਵਲ ਹਸਪਤਾਲ ਰੂਪਨਗਰ, ਪੀਐਸਸੀ ਕੀਰਤਪੁਰ ਸਾਹਿਬ, ਸਿਵਲ ਹਸਪਤਾਲ ਸ੍ਰੀ ਅਨੰਦਪੁਰ ਵਿਖੇ ਟਰੋਮਾ ਸੈਂਟਰ ਅਤੇ ਕੀਰਤਪੁਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸਥਾਈ ਆਮ ਆਦਮੀ ਕਲੀਨਿਕ ਬਣਾਏ ਜਾਣੇ ਹਨ, ਇਨ੍ਹਾਂ ਹਸਪਤਾਲਾਂ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਦਵਾਈਆਂ ਦੀ ਉਪਲਬਧਤਾ ਸਾਫ ਸਫਾਈ ਯਕੀਨੀ ਬਣਾਈ ਜਾਵੇ ਅਤੇ ਜੋ ਵੀ ਸਟਾਫ ਡਿਊਟੀ ਲਈ ਲਗਾਇਆ ਗਿਆ ਹੈ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਰੈਫਰਲ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇ ਵੱਖ-ਵੱਖ ਸਥਾਨਾਂ ਤੇ ਐਂਬੁਲੈਂਸਾਂ ਨੂੰ ਤੈਨਾਤ ਕੀਤਾ ਜਾਵੇਗਾ ਇਨ੍ਹਾਂ ਐਂਬੂਲੈਂਸਾਂ ਵਿੱਚ ਵੀ ਦਵਾਈ ਦੀ ਉਪਲਬਧਤਾ ਬਹੁਤ ਜਰੂਰੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਦੀ ਸਥਿਤੀ ਵਿੱਚ ਤੁਰੰਤ ਮਦਦ ਮੁਹੱਈਆ ਕਰਵਾਈ ਜਾ ਸਕੇ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਾਰੇ ਹਸਪਤਾਲਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਨੂੰ ਅਤੇ ਗੁਰਦੁਆਰਿਆਂ ਦੀਆਂ ਟੈਂਕੀਆਂ ਨੂੰ ਸਾਫ ਕਰਵਾਇਆ ਜਾਵੇ, ਉਨ੍ਹਾਂ ਦੀ ਕਲੋਰੀਨੇਸ਼ਨ ਕਰਵਾਈ ਜਾਵੇ। ਇਸ ਦੇ ਨਾਲ ਹੀ ਲੰਗਰਾਂ ਵਾਲੇ ਸਥਾਨਾਂ ਤੇ ਪਾਣੀ ਦੀ ਕਲੋਰੀਨੇਸ਼ਨ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਿਵਲ ਹਸਪਤਾਲ ਰੂਪਨਗਰ ਅਤੇ ਪੀਐਸਸੀ ਕੀਰਤਪੁਰ ਸਾਹਿਬ ਵਿਖੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਵਾਰਡਾਂ, ਓ.ਟੀ, ਲੇਬਰ ਰੂਮ, ਟਰੋਮਾ ਸੈਂਟਰ, ਐਮਰਜਸੀ ਸੇਵਾਵਾਂ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਫੂਡ ਸੇਫ਼ਟੀ ਟੀਮਾਂ ਨੂੰ ਵੀ ਇਸ ਮੇਲੇ ਦੌਰਾਨ ਸਾਫ਼ ਸੁਥਰੀਆਂ ਚੀਜ਼ਾਂ ਹੀ ਵੇਚੀਆਂ ਜਾਣ, ਵੱਲ ਵਿਸ਼ੇਸ਼ ਧਿਆਨ ਦੇਣ ਦੇ ਹੁਕਮ ਦਿੱਤੇ।
ਡਾ. ਨਵਰੂਪ ਕੌਰ ਨੇ ਮੀਟਿੰਗ ਦੌਰਾਨ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਮੇਲੇ ਵਿੱਚ ਆਉਣ ਵਾਲੀ ਸੰਗਤ ਨੂੰ ਇਨਫੈਕਸ਼ਨ ਅਤੇ ਹੋਰ ਆਮ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਸਮੱਗਰੀ ਵੰਡੀ ਜਾਵੇਗੀ। ਸਿਹਤ ਕਰਮਚਾਰੀਆਂ ਨੂੰ ਮਾਸਕ, ਸੈਨੀਟਾਈਜ਼ਰ ਅਤੇ ਹੋਰ ਜ਼ਰੂਰੀ ਸਾਮਾਨ ਨਾਲ ਲੈਸ ਰਹਿਣ ਲਈ ਕਿਹਾ ਗਿਆ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਹਤ ਵਿਭਾਗ ਦੀ ਪ੍ਰਾਥਮਿਕਤਾ ਸੰਗਤ ਦੀ ਸੁਰੱਖਿਆ ਅਤੇ ਸੁੱਖ-ਸਹੂਲਤ ਹੈ, ਇਸ ਲਈ ਹਰ ਅਧਿਕਾਰੀ ਅਤੇ ਕਰਮਚਾਰੀ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਹੈ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਕਿਸੇ ਵੀ ਸਮੱਸਿਆ ਨੂੰ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਲਈ ਆਦੇਸ਼ ਦਿੱਤੇ।
ਇਸ ਮੀਟਿੰਗ ਦੇ ਵਿੱਚ ਸਾਰੇ ਬਲਾਕ ਸੀਨੀਅਰ ਮੈਡੀਕਲ ਅਫਸਰਾਂ ਨੇ ਭਰੋਸਾ ਦਿਵਾਇਆ ਕਿ ਹੋਲਾ ਮਹੱਲਾ ਦੌਰਾਨ ਸਿਹਤ ਸੇਵਾਵਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੂਰੀ ਤਿਆਰੀ ਕੀਤੀ ਜਾਵੇਗੀ ਅਤੇ ਸੰਗਤ ਨੂੰ ਬਿਹਤਰ ਤੋਂ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।