Close

Additional Deputy Commissioner reviews arrangements for two-day heritage games to be held during Holla Mohalla

Publish Date : 24/02/2026
Additional Deputy Commissioner reviews arrangements for two-day heritage games to be held during Holla Mohalla

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਹੋਲੇ ਮਹੱਲੇ ਦੌਰਾਨ ਹੋਣ ਵਾਲੀਆਂ ਦੋ ਰੋਜ਼ਾ ਵਿਰਾਸਤੀ ਖੇਡਾਂ ਦੇ ਪ੍ਰਬੰਧਾਂ ਦੀ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਸਮੀਖਿਆ

1 ਤੇ 2 ਮਾਰਚ ਨੂੰ ਚਰਨ ਗੰਗਾ ਸਟੇਡੀਅਮ ਵਿੱਚ ਹੋਣਗੀਆਂ, ਵੱਖ-ਵੱਖ ਖੇਡ ਮੁਕਾਬਲਿਆਂ ਲਈ ਖਿਡਾਰੀਆਂ ‘ਚ ਭਾਰੀ ਉਤਸ਼ਾਹ

ਰੂਪਨਗਰ, 24 ਫਰਵਰੀ: ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਦੋ ਰੋਜ਼ਾ ਵਿਰਾਸਤੀ ਖੇਡਾਂ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਿਕ ਚਰਨ ਗੰਗਾ ਸਟੇਡੀਅਮ ਵਿੱਚ 1 ਤੇ 2 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾ ਰਹੀਆਂ ਹਨ, ਜਿਸ ਦੇ ਪ੍ਰਬੰਧਾਂ ਦੀ ਸਮੀਖਿਆ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੀ ਮਾਣਮੱਤੀ ਵਿਰਾਸਤ ਤੇ ਸੱਭਿਆਚਾਰ ਦੇ ਪ੍ਰਤੀਕ ਮੁਕਾਬਲੇ ਇਨ੍ਹਾਂ ਦੋ ਦਿਨਾਂ ਦੌਰਾਨ ਕਰਵਾਏ ਜਾਣਗੇ। ਹੋਲਾ ਮਹੱਲਾ ਦੌਰਾਨ ਖਾਲਸੇ ਦੇ ਸ਼ਾਨਾਮੱਤੇ ਇਤਿਹਾਸ ਦਾ ਪ੍ਰਤੀਕ ਢਾਡੀ ਅਤੇ ਕਵੀਸ਼ਰੀ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਨ੍ਹਾਂ ਵਿਰਾਸਤੀ ਖੇਡਾਂ ਵਿੱਚ ਸ਼ਾਮਲ ਹੋਣ ਲਈ ਨੌਜਵਾਨ ਲੜਕੇ/ਲੜਕੀਆਂ ਵਿੱਚ ਭਾਰੀ ਉਤਸ਼ਾਹ ਹੈ। ਨੌਜਵਾਨਾਂ ਲਈ ਦਸਤਾਰ ਬੰਦੀ ਮੁਕਾਬਲੇ ਕਰਵਾਉਣ ਦਾ ਵਿਸੇਸ਼ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਦੋ ਰੋਜ਼ਾ ਵਿਰਾਸਤੀ ਖੇਡਾਂ ਵਿੱਚ ਕਿੱਲਾ ਪੁੱਟਣਾ (ਟੈਂਟ ਪੈਗਿੰਗ), ਗੱਤਕਾ, ਤੀਰ ਅੰਦਾਜ਼ੀ (ਆਰਚਰੀ) ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ ਨੌਜਵਾਨਾਂ/ ਖਿਡਾਰੀਆਂ ਦਾ ਵਿਸੇਸ਼ ਤੌਰ ਉਤੇ ਸਨਮਾਨ ਕੀਤਾ ਜਾਵੇਗਾ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਰਾਸਤੀ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਠਹਿਰਣ ਤੇ ਖਾਣ ਪੀਣ ਦੀ ਢੁੱਕਵੀਂ ਵਿਵਸਥਾ ਕੀਤੀ ਗਈ ਹੈ।

ਚੰਦਰਜਯੋਤੀ ਸਿੰਘ ਨੇ ਦੱਸਿਆ ਇਨ੍ਹਾਂ ਵਿਰਾਸਤੀ ਖੇਡਾਂ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ਼ਸਤਰ ਕਲਾ ਦੇ ਮੁਕਾਬਲਿਆਂ ਦੌਰਾਨ ਇੱਕ ਦਰਜਨ ਦੇ ਕਰੀਬ ਗੱਤਕਾ ਟੀਮਾਂ ਆਪਣੀ ਜੰਗਜੂ ਕਲਾ ਦੇ ਜੌਹਰ ਦਿਖਾਉਣਗੀਆਂ। ਇਸੇ ਦੌਰਾਨ ਗੱਤਕਾ ਸੋਟੀ-ਫੱਰੀ ਦੇ ਵਿਅਕਤੀਗਤ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਉਦਘਾਟਨ ਸਮਾਰੋਹ ਮੌਕੇ ਟੈਂਟ ਪੈਗਿੰਗ ਮੁਕਾਬਲੇ ਵਿਸੇਸ਼ ਖਿੱਚ ਦਾ ਕੇਂਦਰ ਹੋਣਗੇ। ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਦਰਸਾਉਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਜਾਣਗੀਆਂ।

ਇਸ ਮੌਕੇ ਐਕਸੀਅਨ ਪੰਚਾਇਤੀ ਰਾਜ ਅਵਤਾਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ, ਸਹਾਇਕ ਸਿਵਲ ਸਰਜਨ ਡਾ. ਬੌਬੀ ਗੁਲਾਟੀ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਵਿਭਾਗ ਹਰਜੀਤਪਾਲ ਸਿੰਘ, ਡੀਐਸਪੀ ਕੁਲਭੂਸ਼ਨ ਸ਼ਰਮਾ, ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ, ਬੀਡੀਪੀਓ ਸ੍ਰੀ ਅਨੰਦਪੁਰ ਸਾਹਿਬ ਇਸ਼ਾਨ ਚੌਧਰੀ ਸਮੇਤ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।