“A step towards a healthy future: Health and Nutrition Committee meeting in village Simbal Jhallian”

“ਸਿਹਤਮੰਦ ਭਵਿੱਖ ਲਈ ਇੱਕ ਕਦਮ: ਪਿੰਡ ਸਿੰਬਲ ਝੱਲੀਆਂ ਵਿੱਚ ਸਿਹਤ ਅਤੇ ਪੋਸ਼ਣ ਕਮੇਟੀ ਦੀ ਮੀਟਿੰਗ”
ਰੂਪਨਗਰ, 22 ਮਾਰਚ: ਆਯੁਸ਼ਮਾਨ ਆਰੋਗਿਆ ਕੇਂਦਰ ਬੁਰਜਵਾਲਾ ਦੇ ਪੈਰਾਮੈਡੀਕਲ ਸਟਾਫ ਵੱਲੋਂ ਪਿੰਡ ਸਿੰਬਲ ਝੱਲੀਆਂ ਵਿੱਚ ਪਿੰਡ ਸਿਹਤ ਅਤੇ ਪੋਸ਼ਣ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਪਿੰਡ ਸਰਪੰਚ ਰਾਜਵਿੰਦਰ ਕੌਰ ਨੇ ਕੀਤੀ।
ਇਸ ਮੀਟਿੰਗ ਵਿੱਚ ਕਮਿਊਨਿਟੀ ਹੈਲਥ ਅਫ਼ਸਰ ਹਰਪ੍ਰੀਤ ਕੌਰ, ਆਸ਼ਾ ਵਰਕਰ ਗੁਰਪ੍ਰੀਤ ਕੌਰ, ਆਂਗਣਵਾੜੀ ਵਰਕਰ ਨਰਿੰਦਰ ਕੌਰ, ਸਕੂਲ ਅਧਿਆਪਕਾ ਮਨਦੀਪ ਕੌਰ, ਗਰਭਵਤੀ ਮਹਿਲਾਵਾਂ, ਮਾਤਾਵਾਂ ਅਤੇ ਪਿੰਡ ਵਾਸੀਆਂ ਨੇ ਭਾਗ ਲਿਆ।
ਮੁੱਖ ਚਰਚਾ ਮਾਤਾ-ਸ਼ਿਸ਼ੂ ਸਿਹਤ, ਟੀਕਾਕਰਣ, ਪੋਸ਼ਣ, ਆਯੁਸ਼ਮਾਨ ਭਾਰਤ ਯੋਜਨਾ, ਸਾਫ਼ ਪਾਣੀ ਦੀ ਉਪਲਬਧਤਾ ਅਤੇ ਹੋਰ ਸਰਕਾਰੀ ਸਕੀਮਾਂ ਉੱਤੇ ਹੋਈ। ਆਸ਼ਾ ਵਰਕਰ ਗੁਰਪ੍ਰੀਤ ਕੌਰ ਨੇ ਗਰਭਵਤੀ ਮਹਿਲਾਵਾਂ ਨੂੰ ਪੋਸ਼ਟਿਕ ਆਹਾਰ ਅਤੇ ਟੀਕਾਕਰਣ ਦੀ ਮਹੱਤਤਾ ਬਾਰੇ ਦੱਸਿਆ, ਜਦਕਿ ਸਕੂਲ ਅਧਿਆਪਕਾ ਮਨਦੀਪ ਕੌਰ ਨੇ ਵਿਦਿਆਰਥੀਆਂ ਵਿੱਚ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਤੇ ਜੋਰ ਦਿੱਤਾ।
ਸੀਨੀਅਰ ਮੈਡੀਕਲ ਅਫ਼ਸਰ ਡਾ. ਆਨੰਦ ਘਈ ਨੇ ਕਿਹਾ, “ਸਿਹਤ ਸੰਬੰਧੀ ਜਾਗਰੂਕਤਾ ਹਰ ਪਿੰਡ ਵਾਸੀ ਤੱਕ ਪਹੁੰਚਣੀ ਚਾਹੀਦੀ ਹੈ, ਤਾਂ ਕਿ ਲੋਕ ਰੋਗਾਂ ਤੋਂ ਬਚਾਵ ਕਰ ਸਕਣ। ਇਸ ਤਰ੍ਹਾਂ ਦੀਆਂ ਮੀਟਿੰਗਾਂ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਉਪਲਬਧ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੰਦੀਆਂ ਹਨ।”
ਸਰਪੰਚ ਰਾਜਵਿੰਦਰ ਕੌਰ ਨੇ ਸਿਹਤ ਸੇਵਾਵਾਂ ਦੀ ਮਹੱਤਤਾ ‘ਤੇ ਜੋਰ ਦਿੰਦਿਆਂ ਆਉਣ ਵਾਲੇ ਸਮੇਂ ਵਿੱਚ ਹੋਰ ਐਸੀਆਂ ਮੀਟਿੰਗਾਂ ਕਰਵਾਉਣ ਦੀ ਗੱਲ ਕੀਤੀ। ਇਹ ਮੀਟਿੰਗ ਪਿੰਡ ਵਾਸੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਈ ਅਤੇ ਇਸ ਨੂੰ ਸਫਲ ਬਣਾਉਣ ਵਿੱਚ ਏ ਐਨ ਐਮ ਹਰਪ੍ਰੀਤ ਕੌਰ, ਸਿਹਤ ਕਰਮਚਾਰੀ ਸੰਜੀਵ ਕੁਮਾਰ, ਅਤੇ ਹੋਰ ਸਿਹਤ ਕਰਮਚਾਰੀਆਂ ਨੇ ਮਹੱਤਵਪੂਰਨ ਯੋਗਦਾਨ ਪਾਇਆ।