A large number of people enjoyed stalls and children’s swings in Lohri Mela-2023.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਲੋਹੜੀ ਮੇਲਾ-2023 ‘ਚ ਸਟਾਲਾਂ ਤੇ ਬੱਚਿਆਂ ਦੇ ਝੂਲਿਆਂ ਦਾ ਲੋਕਾਂ ਨੇ ਵੱਡੀ ਗਿਣਤੀ ਵਿਚ ਆਨੰਦ ਲਿਆ
ਸ਼ੁੱਕਰਵਾਰ ਨੂੰ 5000 ਤੋਂ ਵੱਧ ਲੋਕਾਂ ਨੇ ਮੇਲੇ ਵਿਚ ਸ਼ਿਰਕਤ ਕੀਤੀ
14 ਜਨਵਰੀ ਸ਼ਾਮ 4 ਵਜੇ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਸੱਭਿਆਚਾਰਕ ਪ੍ਰੋਗਰਾਮ
ਰੂਪਨਗਰ, 13 ਜਨਵਰੀ: ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੁਸਾਇਟੀ ਰੂਪਨਗਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਕਰਵਾਏ ਜਾ ਰਹੇ ਲੋਹੜੀ ਮੇਲਾ 2023 ਦੇ ਅੱਜ ਦੂਜੇ ਦਿਨ ਸਟਾਲਾਂ ਅਤੇ ਬੱਚਿਆਂ ਦੇ ਝੂਲਿਆਂ ਵਿਖੇ ਜ਼ਿਲ੍ਹਾ ਵਾਸੀਆਂ ਦਾ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਸ਼ਨੁਮਾ ਮੌਸਮ ਹੋਣ ਕਰਕੇ ਸ਼ੁੱਕਰਵਾਰ ਨੂੰ 5000 ਤੋਂ ਵਧ ਜ਼ਿਲ੍ਹਾ ਵਾਸੀਆਂ ਨੇ ਲੋਹੜੀ ਮੇਲਾ-2023 ਦਾ ਆਨੰਦ ਮਾਣਿਆ ਜਿਸ ਕਰਕੇ ਇਸ ਮੇਲੇ ਨੂੰ ਮੰਗਲਵਾਰ ਤੱਕ ਵਧਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ 6 ਹੈਂਡੀ ਕਰਾਫਟ, 7 ਖਾਣ ਪੀਣ ਦੇ ਸਟਾਲ, 5 ਬੈਂਕਾਂ ਦੇ ਸਟਾਲ, 2 ਵੱਖ-ਵੱਖ ਕਾਲਜਾਂ ਦੇ ਸਟਾਲ, ਖਿਡੌਣਿਆਂ ਵਾਲੇ 5 ਸਟਾਲ ਲਗਾਏ ਗਏ ਹਨ ਜਦਕਿ ਇਸ ਤੋਂ ਇਲਾਵਾ ਅੱਜ ਅਲੱਗ-ਅਲੱਗ ਫੂਡ ਸਟਾਲ, ਸ਼ਾਪਿੰਗ ਸਟਾਲ, ਝੂਲੇ ਅਤੇ ਫਨ ਫੇਅਰ ਗੇਮ ਦੀ ਗਿਣਤੀ ਵਧਾਈ ਗਈ ਜਿਸ ਨਾਲ ਲੋਕਾਂ ਦੀ ਭਰਵੀਂ ਆਮਦ ਦੇਖਣ ਨੂੰ ਮਿਲੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੇਲੇ ਵਿਚ ਆਈ.ਟੀ.ਆਈ ਰੋਪੜ, ਸਰਕਾਰੀ ਸੀਨੀ.ਸੈਕੇ. ਸਕੂਲ ਤੇ ਰੈੱਡ ਕਰਾਸ ਸੋਸਇਟੀ ਦੀਆਂ ਵਿਦਿਆਰਥਣਾਂ ਸਮੇਤ ਨਹਿਰੂ ਯੁਵਾ ਕੇਂਦਰ ਦੇ ਨੌਜਵਾਨਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ 14 ਜਨਵਰੀ ਨੂੰ ਸ਼ਾਮ 4 ਵਜੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਗਾਇਕ ਗੁਰਬਖਸ਼ ਸ਼ੌਂਕੀ, ਸੁਖਵਿੰਦਰ ਸੁੱਖੀ ਅਤੇ ਰਾਖੀ ਹੁੰਦਲ ਵਲੋਂ ਆਪਣੀ ਗਾਇਕੀ ਨਾਲ ਮੇਲੇ ਦੀਆਂ ਰੌਣਕਾਂ ਵਧਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸਕੂਲਾਂ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਸੱਭਿਆਚਰਕ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ।