A 50-bed critical care center will be set up in Rupnagar at a cost of 16.92 crores: Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੂਪਨਗਰ ‘ਚ 16.92 ਕਰੋੜ ਦੀ ਲਾਗਤ ਨਾਲ 50 ਬਿਸਤਰਿਆਂ ਵਾਲਾ ਕ੍ਰਿਟੀਕਲ ਕੇਅਰ ਸੈਂਟਰ ਸਥਾਪਤ ਕੀਤਾ ਜਾਵੇਗਾ: ਡਿਪਟੀ ਕਮਿਸ਼ਨਰ
ਰੂਪਨਗਰ, 03 ਫਰਵਰੀ: ਰੂਪਨਗਰ ਵਿਖੇ ਗੰਭੀਰ ਮਰੀਜ਼ਾਂ ਦੇ ਇਲਾਜ ਨੂੰ ਯਕੀਨੀ ਕਰਨ ਲਈ 16.92 ਕਰੋੜ ਰੁਪਏ ਦੀ ਲਾਗਤ ਨਾਲ 50 ਬਿਸਤਰਿਆਂ ਵਾਲਾ ਕ੍ਰਿਟੀਕਲ ਕੇਅਰ ਸੈਂਟਰ ਸਥਾਪਤ ਕੀਤਾ ਜਾਵੇਗਾ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਅੱਜ ਆਪਣੇ ਦਫਤਰ ਵਿਖੇ ਮੀਡੀਆ ਮੈਂਬਰਾਂ ਨਾਲ ਮੀਟਿੰਗ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਕ੍ਰਿਟੀਕਲ ਕੇਅਰ ਯੂਨਿਟ ਦੇ ਤਿਆਰ ਹੋਣ ਤੋਂ ਬਾਅਦ ਸੜਕ ਹਾਦਸਿਆਂ ਜਾਂ ਕਿਸੇ ਵੀ ਤਰ੍ਹਾਂ ਦੀ ਮਹਾਂਮਾਰੀ ਦੀ ਸਥਿਤੀ ਵਿਚ ਮਰੀਜ਼ਾਂ ਨੂੰ ਹੋਰ ਹਸਪਤਾਲਾਂ ਵਿਚ ਭੇਜਣ ਦੀ ਜ਼ਰੂਰਤ ਨਹੀਂ ਪਵੇਗੀ। ਸਮਾਂ ਆਉਣ ‘ਤੇ ਮਰੀਜ਼ਾਂ ਨੂੰ ਹਰ ਤਰ੍ਹਾਂ ਦਾ ਇਲਾਜ ਜ਼ਿਲ੍ਹਾ ਹਸਪਤਾਲ ਵਿਚ ਹੀ ਮਿਲ ਜਾਵੇਗਾ। ਇਸ ਦੇ ਨਾਲ ਹੀ ਸਿਵਲ ਹਸਪਤਾਲ ਵਿੱਚ ਡਾਇਲਸਿਸ ਦੀਆਂ ਤੇ ਹੋਰ ਨਵੀਆਂ ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ ਤੇ ਸਟਾਫ ਵਿੱਚ ਵੀ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਰਿੰਡੇ ਦੇ ਹਸਪਤਾਲ ਨੂੰ ਵੀ ਹਾਈ ਟੈਕ ਆਧੁਨਿਕੀਕਰਨ ਵਾਲੇ ਹਸਪਤਾਲ ਵਜੋਂ ਅੱਪਗ੍ਰੇਡ ਕੀਤਾ ਜਾ ਰਿਹਾ ਹੈ।
ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਟੂਰਜ਼ਿਮ ਨੂੰ ਪ੍ਰਫੁੱਲਤ ਕਰਨ ਲਈ ਤੇ ਸ਼ਹਿਰ ਦੇ ਸੁੰਦਰੀਕਰਨ ਲਈ ਸਤਲੁੱਜ ਹੈੱਡਵਰਕਸ ਤੋਂ ਨਵੇਂ ਬੱਸ ਅੱਡੇ ਤੇ ਤਿਆਰ ਕੀਤੇ ਜਾ ਰਹੇ ਪੁੱਲ ਤੇ ਸੈਰ ਕਰਨ ਲਈ ਟਰੈਕ ਬਣਾਇਆ ਜਾਵੇਗਾ, ਸਦਾਬਰਤ ਨੇਚਰ ਟਰੇਲ ਪਾਰਕ ਦਾ ਨਵੀਨੀਕਰਣ, ਬੈਠਣ ਲਈ ਬੈਂਚ ਲਗਾਏ ਜਾਣਗੇ, ਹੈੱਡਵਰਕਸ ਦਾ ਸੁੰਦਰ ਲਾਈਟਾਂ ਲਗਾਕੇ ਇਸਦਾ ਹੋਰ ਸੁੰਦਰੀਕਰਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਲਦ ਹੀ ਸਰਹਿੰਦ ਨਹਿਰ ‘ਚ ਪੱਕੇ ਤੌਰ ਤੇ ਬੋਟਿੰਗ ਸ਼ੁਰੂ ਕੀਤੀ ਜਾਵੇਗੀ ਜਿਸਦੇ ਲਈ ਰੋਪੜ ਤੇ ਸ੍ਰੀ ਚਮਕੌਰ ਸਾਹਿਬ ਪੁਆਇੰਟ ਬਣਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵਪਾਰਕ ਫਾਰਮ ਹਾਊਸ ਵੀ ਸਥਾਪਤ ਕੀਤੇ ਜਾਣਗੇ ਜਿਸ ਨਾਲ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰੋਪੜ ਬੱਸ ਨੇੜੇ ਪੁੱਲ ਜੋ ਕਿ ਕਾਫ਼ੀ ਖਸਤਾ ਹਾਲਤ ਵਿੱਚ ਹੈ ਤੇ ਐਲਗਰਾਂ ਦਾ ਪੁੱਲ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਤੇ ਜਲਦ ਹੀ ਇਨ੍ਹਾਂ ਨੂੰ ਬਣਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਡੇ ਬਹੁਤ ਸਾਰੇ ਪ੍ਰੋਜੈਕਟ ਬਿਲਕੁਲ ਤਿਆਰ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਨਵੇਂ ਬੱਸ ਅੱਡੇ ਨੇੜੇ ਸਰਹਿੰਦ ਨਹਿਰ ਤੇ ਬਣ ਰਿਹਾ ਪੁੱਲ, ਪੁਲਿਸ ਲਾਈਨ ਨੇੜੇ ਬਣ ਰਿਹਾ ਨਵਾਂ ਬੱਸ ਅੱਡਾ, ਕੇਵੀਕੇ ਦੀ ਨਵੀਂ ਇਮਾਰਤ, ਸ਼ਿਵਾਲਿਕ ਕਲੱਬ ਦਾ ਨਵੀਨੀਕਰਣ, ਗੜ੍ਹਸ਼ੰਕਰ ਤੋਂ ਝੱਜ ਰੋਡ ਤੇ ਬਾਬਾ ਸੇਵਾ ਸਿੰਘ ਦੇ ਨਾਲ ਮਿਲਕੇ ਕਰ ਰਹੇ ਕੰਮ ਆਦਿ ਨੂੰ ਜਲਦ ਹੀ ਲੋਕ ਅਰਪਣ ਕਰ ਦਿੱਤਾ ਜਾਵੇਗਾ।
ਇਸ ਮੌਕੇ ਸਮੂਹ ਪੱਤਰਕਾਰਾਂ ਵੱਲੋਂ ਵੀ ਆਵਾਜਾਈ ਸਮੱਸਿਆ, ਸ਼ਹਿਰ ਦੀਆਂ ਸੜਕਾਂ ਦੇ ਮੰਦੇ ਹਾਲ, ਨਜਾਇਜ਼ ਕਬਜ਼ਿਆਂ ਦੀ ਸਮੱਸਿਆ, ਅਵਾਰਾ ਪਸ਼ੂਆਂ ਤੇ ਜਾਨਵਰਾਂ ਦੀ ਸਮੱਸਿਆ, ਸ਼ਹਿਰ ਦੀਆਂ ਮੁੱਖ ਥਾਵਾਂ ਤੇ ਲਾਈਟਾਂ ਲਗਾਉਣ, ਸਿਵਲ ਹਸਪਤਾਲ ਵਿਖੇ ਐਮਰਜੈਂਸੀ ਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਹੋਰ ਮੁਸ਼ਕਿਲਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣ ‘ਤੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਮੱਸਿਆਵਾਂ ਦੇ ਨਿਪਟਾਰੇ ਦਾ ਭਰੋਸਾ ਦਿਵਾਇਆ ਅਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪੱਤਰਕਾਰ ਭਾਈਚਾਰੇ ਨੂੰ ਵੀ ਪ੍ਰਸ਼ਾਸ਼ਨ ਨਾਲ ਰਲ-ਮਿਲ ਦੇ ਹੰਭਲਾ ਮਾਰਨ ਦੀ ਅਪੀਲ ਕੀਤੀ। ਇਸ ਮੌਕੇ ਸਮੂਹ ਮੀਡੀਆ ਮੈਬਰਾਂ ਵੱਲੋ ਜ਼ਿਲ੍ਹੇ ਦੇ ਵਿਕਾਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ।
ਇਸ ਮੀਟਿੰਗ ਵਿੱਚ ਰੂਪਨਗਰ ਪ੍ਰੈੱਸ ਕਲੱਬ ਦੇ ਪ੍ਰਧਾਨ ਸ. ਸਤਨਾਮ ਸਿੰਘ ਸੱਤੀ ਤੋਂ ਇਲਾਵਾ ਸ. ਜਗਜੀਤ ਸਿੰਘ ਜੱਗੀ, ਸ਼੍ਰੀ ਸੰਦੀਪ ਵਸ਼ਿਸ਼ਟ, ਸ. ਲਖਵੀਰ ਸਿੰਘ ਖਾਬੜਾ, ਸ਼੍ਰੀ ਅਮਰ ਸ਼ਰਮਾ, ਸ. ਬਹਾਦਰਜੀਤ ਸਿੰਘ, ਸ਼੍ਰੀ ਕੈਲਾਸ਼ ਆਹੂਜਾ, ਸ਼੍ਰੀ ਕਮਲ ਭਾਰਜ, ਸ. ਗੁਰਮੀਤ ਸਿੰਘ ਟੋਨੀ, ਸ. ਸਰਬਜੀਤ ਸਿੰਘ, ਸ਼੍ਰੀ ਵਿਜੈ ਸ਼ਰਮਾ, ਸ. ਕੁਲਵੰਤ ਸਿੰਘ, ਸ਼੍ਰੀ ਰਾਜਨ ਵੋਹਰਾ, ਸ਼੍ਰੀ ਸ਼ਮਸ਼ੇਰ ਬੱਗਾ, ਸ਼੍ਰੀ ਵਰੁਣ ਲਾਂਬਾ, ਸ਼੍ਰੀ ਸਤੀਸ਼ ਜਗੋਤਾ, ਸ਼੍ਰੀ ਧਰੁਵ ਨਾਰੰਗ, ਸ਼੍ਰੀ ਸੋਮਰਾਜ ਸ਼ਰਮਾ, ਸ਼੍ਰੀ ਕਰਨ ਖੱਤਰੀ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰਾ ਹਾਜ਼ਰ ਸੀ।