Horticulture Department organized a camp at village Balawalpur to promote the cultivation of Dhingri Khumbh
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਢੀਂਗਰੀ ਖੁੰਭ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਸਬੰਧੀ ਬਾਗਬਾਨੀ ਵਿਭਾਗ ਵੱਲੋਂ ਪਿੰਡ ਬਲਾਵਲਪੁਰ ਵਿਖੇ ਕੈਂਪ ਲਗਾਇਆ ਗਿਆ
ਰੂਪਨਗਰ, 17 ਨਵੰਬਰ: ਢੀਂਗਰੀ ਖੁੰਭ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਸਬੰਧੀ ਬਾਗਬਾਨੀ ਵਿਭਾਗ ਰੂਪਨਗਰ ਵਲੋਂ ਆਤਮਾ ਸਕੀਮ ਅਧੀਨ ਬਲਾਕ ਰੂਪਨਗਰ ਦੇ ਪਿੰਡ ਬਲਾਵਲਪੁਰ ਵਿਖੇ ਇੱਕ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਪਿੰਡ ਚੰਦਪੁਰ ਅਤੇ ਬਲਾਵਲਪੁਰ ਵਿਖੇ ਅੰਬੂਜਾ ਫਾਊਂਡੇਸ਼ਨ ਵੱਲੋਂ ਬਣਾਏ ਗਏ ਮਹਿਲਾ ਗਰੁੱਪ ਦੀਆਂ ਮਹਿਲਾਵਾਂ ਵੱਲੋਂ ਭਾਗ ਲਿਆ ਗਿਆ।
ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਰੂਪਨਗਰ ਡਾ. ਚਤੁਰਜੀਤ ਸਿੰਘ ਰਤਨ ਨੇ ਦੱਸਿਆ ਕਿ ਇਸ ਕੈਂਪ ਦਾ ਅਹਿਮ ਮੰਤਵ ਢੀਂਗਰੀ ਖੁੰਭ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਇਸ ਦੀ ਪੈਦਾਵਾਰ ਨੂੰ ਵਪਾਰਕ ਪੱਧਰ ਤੇ ਵਧਾਉਣਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦੀ ਕਾਸ਼ਤ ਕਰਕੇ ਸਰੀਰਕ ਖੁਰਾਕੀ ਤੱਤਾਂ ਦੀ ਆਪਣੀ ਲੋੜ ਪੂਰੀ ਕਰਨ ਦੇ ਨਾਲ ਨਾਲ ਆਰਥਿਕ ਫਾਇਦਾ ਲੈ ਸਕਣ।
ਉਨ੍ਹਾਂ ਦੱਸਿਆ ਕਿ ਮਨੁੱਖੀ ਸਿਹਤ ਲਈ ਸੰਤੁਲਿਤ ਖੁਰਾਕ ਜਿਸ ਵਿਚ ਵਿਟਾਮਿਨ, ਖਣਿਜ, ਪ੍ਰੋਟੀਨ ਅਤੇ ਹੋਰ ਖੁਰਾਕੀ ਤੱਤ ਭਰਪੂਰ ਮਾਤਰਾ ਵਿਚ ਹੋਣ, ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਢੀਂਗਰੀ ਖੁੰਭ ਵਿਚਾਲੇ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਓਹਨਾਂ ਕਿਹਾ ਕਿ ਇਹ ਖੁੰਬ ਪ੍ਰੋਟੀਨ ਦਾ ਇਕ ਉੱਤਮ ਸਰੋਤ ਹੋਣ ਦੇ ਨਾਲ ਨਾਲ ਇਸ ਵਿੱਚ ਫਾਈਬਰ ਅਤੇ ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਮਿਲਦਾ ਹੈ ਜਦਕਿ ਇਸ ਵਿੱਚ ਚਰਬੀ ਨਾਮਾਤਰ ਹੈ। ਉਨ੍ਹਾਂ ਦੱਸਿਆ ਕਿ ਢੀਂਗਰੀ ਖੁੰਭ ਦੀ ਸਬਜ਼ੀ ਬਨਾਉਣ ਦੇ ਨਾਲ ਨਾਲ ਇਸ ਦਾ ਆਚਾਰ ਅਤੇ ਪਕੌੜੇ ਬਣਾ ਕੇ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਨੂੰ ਸੁਕਾ ਕੇ ਪਾਊਡਰ ਵੀ ਤਿਆਰ ਕੀਤਾ ਜਾ ਸਕਦਾ ਹੈ ਜਿਸ ਦੀ ਵਪਾਰਕ ਪੱਧਰ ਤੇ ਵੀ ਮੰਗ ਹੈ।
ਬਾਗਬਾਨੀ ਅਫ਼ਸਰ ਨੇ ਅੱਗੇ ਦਸਿਆ ਕਿ ਘਰੇਲੂ ਪੱਧਰ ਤੇ ਬੜੇ ਹੀ ਸੁਖਾਲੇ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਜੈਵਿਕ ਢੀਂਗਰੀ ਖੁੰਭ ਪੈਦਾ ਕੀਤੀ ਜਾ ਸਕਦੀ ਹੈ ਜਿਸ ਲਈ ਕੇਵਲ ਤੂੜੀ ਅਤੇ ਖੁੰਭ ਬੀਜ ਦੀ ਹੀ ਜ਼ਰੂਰਤ ਪੈਂਦੀ ਹੈ। ਢੀਂਗਰੀ ਖੁੰਭ ਦੀ ਕਾਸ਼ਤ ਦੌਰਾਨ ਤੂੜੀ ਵਿੱਚ ਨਮੀ ਦੀ ਸਹੀ ਮਾਤਰਾ ਨੂੰ ਕਾਇਮ ਰੱਖਣਾ ਅਤੇ ਇਸ ਨੂੰ ਵਧੇਰੇ ਤਾਪਮਾਨ ਤੋਂ ਬਚਾਉਣਾ ਖਾਸ ਤੌਰ ਤੇ ਧਿਆਨ ਰੱਖਣ ਯੋਗ ਗੱਲਾਂ ਹਨ।
ਇਸ ਉਪਰੰਤ ਉਹਨਾਂ ਵੱਲੋਂ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਗਤੀਵਿਧੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਵਿਭਾਗ ਦੇ ਸਬ ਇੰਸਪੈਕਟਰ, ਸ਼੍ਰੀ ਸੁਮੇਸ਼ ਕੁਮਾਰ ਵੱਲੋਂ ਢੀਂਗਰੀ ਖੁੰਭ ਦੀ ਕਾਸ਼ਤ ਸਬੰਧੀ ਡੈਮੋਨਸਟਰੇਸ਼ਨ ਵੀ ਕਰਕੇ ਦਿਖਾਈ ਗਈ। ਕੈਂਪ ਦੇ ਅੰਤ ਵਿੱਚ ਮੈਡਮ ਹਰਪ੍ਰੀਤ ਕੌਰ, ਪ੍ਰੋਜੈਕਟ ਐਗਜ਼ੀਕਿਊਟਿਵ, ਅੰਬੂਜਾ ਫਾਊਂਡੇਸ਼ਨ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਹਰੇਕ ਨੂੰ ਢੀਂਗਰੀ ਖੁੰਭ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਬਾਗਬਾਨੀ ਵਿਭਾਗ ਵਲੋਂ ਆਤਮਾ ਸਕੀਮ ਤਹਿਤ ਕੈਂਪ ਵਿੱਚ ਹਾਜ਼ਰ ਮਹਿਲਾਵਾਂ ਅਤੇ ਕਿਸਾਨਾਂ ਨੂੰ ਢੀਂਗਰੀ ਖੁੰਭ ਬੀਜ ਵੀ ਵੰਡਿਆ ਗਿਆ।