Orders issued to install CCTV cameras at all marriage palaces, hotels and petrol pumps in Rupnagar district
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਰੂਪਨਗਰ ਦੇ ਸਾਰੇ ਮੈਰਿਜ ਪੈਲੇਸਾਂ, ਹੋਟਲਾਂ ਅਤੇ ਪੈਟਰੋਲ ਪੰਪਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦੇ ਹੁਕਮ ਜਾਰੀ
ਰੂਪਨਗਰ, 13 ਨਵੰਬਰ 2025: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀ ਵਰਜੀਤ ਵਾਲੀਆ, ਆਈ.ਏ.ਐਸ. ਵੱਲੋਂ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ, 2023 (ਧਾਰਾ 163) ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਵਿੱਚ ਪੈਂਦੇ ਸਾਰੇ ਮੈਰਿਜ ਪੈਲੇਸਾਂ, ਹੋਟਲਾਂ ਅਤੇ ਪੈਟਰੋਲ ਪੰਪਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੌਰਾਨ ਲੱਖਾਂ ਦੀ ਤਾਦਾਦ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਸ਼ਿਰਕਤ ਕਰਨਗੀਆਂ। ਇਸ ਸਬੰਧੀ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹੇ ਅੰਦਰ ਕਈ ਮੈਰਿਜ ਪੈਲੇਸਾਂ ਅਤੇ ਪੈਟਰੋਲ ਪੰਪਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਨਹੀਂ ਲਗੇ ਹੋਏ, ਜਿਸ ਕਾਰਨ ਕਈ ਵਾਰ ਅਣਚਾਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਜਿੱਥੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ, ਉਥੇ ਹੀ ਆਮ ਜਨਤਾ ਵਿੱਚ ਅਸੁਰੱਖਿਆ ਦੀ ਭਾਵਨਾ ਵੀ ਪੈਦਾ ਹੋ ਜਾਂਦੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਮਜ਼ਬੂਤ ਬਣਾਈ ਰੱਖਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਰੂਰੀ ਹੈ ਕਿ ਸਾਰੇ ਮੈਰਿਜ ਪੈਲੇਸ, ਹੋਟਲ ਅਤੇ ਪੈਟਰੋਲ ਪੰਪ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਤੁਰੰਤ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦੀ ਕਾਰਵਾਈ ਪੂਰੀ ਕਰਨ।
ਇਹ ਹੁਕਮ ਮਿਤੀ 15 ਨਵੰਬਰ 2025 ਤੋਂ ਮਿਤੀ 30 ਨਵੰਬਰ 2025 ਤੱਕ ਲਾਗੂ ਰਹੇਗਾ ਅਤੇ ਜ਼ਿਲ੍ਹੇ ਦੇ ਸਾਰੇ ਸਬੰਧਤ ਸੰਸਥਾਨਾਂ ਨੂੰ ਇਸ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।