SDM Rupnagar checked shops selling firecrackers at various places in the city
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਐਸ.ਡੀ.ਐਮ. ਰੂਪਨਗਰ ਨੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਪਟਾਕੇ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ
ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਤੇ ਘੱਟ ਤੋਂ ਘੱਟ ਪਟਾਕਿਆਂ ਦਾ ਇਸਤੇਮਾਲ ਕਰਨ ਦੀ ਕੀਤੀ ਅਪੀਲ
ਰੂਪਨਗਰ, 18 ਅਕਤੂਬਰ: ਦੀਵਾਲੀ ਦੇ ਤਿਉਹਾਰ ਨੂੰ ਸੁਰੱਖਿਅਤ ਤੇ ਸ਼ਾਂਤੀਪੂਰਣ ਢੰਗ ਨਾਲ ਮਨਾਉਣ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਖਾਸ ਨਿਗਰਾਨੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਅੱਜ ਐਸ.ਡੀ.ਐਮ. ਰੂਪਨਗਰ ਡਾ. ਸੰਜੀਵ ਕੁਮਾਰ ਵੱਲੋਂ ਰੂਪਨਗਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਪਟਾਕੇ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਐਸ.ਡੀ.ਐਮ. ਰੂਪਨਗਰ ਡਾ. ਸੰਜੀਵ ਕੁਮਾਰ ਨੇ ਰਾਮ ਲੀਲਾ ਗਰਾਊਂਡ, ਗਿਆਨੀ ਜ਼ੈਲ ਸਿੰਘ ਨਗਰ, ਮਕਬਰੇ ਦੇ ਨੇੜੇ ਅਤੇ ਨੇਹਰੂ ਸਟੇਡੀਅਮ ਰੂਪਨਗਰ ਵਿਖੇ ਲਾਇਸੰਸ ਸ਼ੁਦਾ ਦੁਕਾਨਾਂ ਦੀ ਚੈਕਿੰਗ ਦੌਰਾਨ ਦੁਕਾਨਦਾਰਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਦਿੱਤੀਆਂ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਿਰਫ਼ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਮਨਜ਼ੂਰਸ਼ੁਦਾ ਸਥਾਨਾਂ ‘ਤੇ ਹੀ ਪਟਾਕੇ ਵੇਚੇ ਜਾਣਗੇ ਅਤੇ ਕਿਸੇ ਵੀ ਅਣਅਧਿਕਾਰਤ ਸਥਾਨ ‘ਤੇ ਪਟਾਕੇ ਵੇਚਣ ਜਾਂ ਸਟਾਕ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਵੱਲੋਂ ਜਾਰੀ ਸ਼ਰਤਾਂ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸ.ਡੀ.ਐਮ. ਨੇ ਅੱਗ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ, ਅੱਗ ਬੁਝਾਉਣ ਵਾਲੇ ਸਾਮਾਨ ਦੀ ਉਪਲਬਧਤਾ ਅਤੇ ਬੱਚਿਆਂ ਦੀ ਸੁਰੱਖਿਆ ‘ਤੇ ਖ਼ਾਸ ਜ਼ੋਰ ਦਿੱਤਾ। ਉਨ੍ਹਾਂ ਦੁਕਾਨਦਾਰਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਗੈਰ-ਜਲਣਸ਼ੀਲ ਸਮੱਗਰੀ ਤੋਂ ਬਣੇ ਸ਼ੈੱਡ/ਇਮਾਰਤ ਦੇ ਢੱਕੇ ਹੋਏ ਸਥਾਨ ਤੇ ਹੀ ਪਟਾਕੇ ਵੇਚਣ ਦੀ ਹਦਾਇਤ ਕੀਤੀ।
ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਪਟਾਕੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਵੇਚੇ ਜਾਣੇ ਚਾਹੀਦੇ ਜਦੋਂ ਤੱਕ ਕਿ ਬਾਲਗ ਵਿਅਕਤੀ ਨਾਲ ਨਾ ਹੋਵੇ। ਉਨ੍ਹਾਂ ਕਿਹਾ ਕਿ ਪਟਾਕਿਆਂ ਨੂੰ ਰੱਖਣ ਅਤੇ ਵੇਚਣ ਦੌਰਾਨ ਸਿਗਰਟਨੋਸ਼ੀ ਜਾਂ ਕਿਸੇ ਵੀ ਤਰ੍ਹਾਂ ਦਾ ਨੰਗਾ ਲੈਂਪ, ਲਾਲਟੈਣ, ਮੋਮਬੱਤੀਆਂ ਆਦਿ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਲਾਇਸੰਸਧਾਰਕ ਵਿਸਫੋਟਕ ਨਿਯਮਾਂ, 2008 ਦੀ ਪਾਲਣਾ ਨੂੰ ਯਕੀਨੀ ਬਣਾਏਗਾ ਤੇ ਲਾਇਸੈਂਸ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਜ਼ਿੰਮੇਵਾਰ ਹੋਵੇਗਾ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਤੇ ਘੱਟ ਤੋਂ ਘੱਟ ਪਟਾਕਿਆਂ ਦਾ ਇਸਤੇਮਾਲ ਕਰਨ ਨਾਲ ਵਾਤਾਵਰਣ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਪੁਲਿਸ ਵਿਭਾਗ ਤੋਂ ਐੱਸਐੱਚਓ ਸਿਟੀ ਪਵਨ ਚੌਧਰੀ ਅਤੇ ਹੋਰ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।