District Family Welfare Officer holds urgent meeting with urban ASHA workers

ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਵੱਲੋਂ ਸ਼ਹਿਰੀ ਆਸ਼ਾ ਵਰਕਰਾਂ ਨਾਲ ਕੀਤੀ ਗਈ ਜ਼ਰੂਰੀ ਮੀਟਿੰਗ
ਰੂਪਨਗਰ, 10 ਅਕਤੂਬਰ: ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਰੂਪਨਗਰ ਦੇ ਸ਼ਹਿਰੀ ਆਸ਼ਾ ਵਰਕਰਾਂ ਦੀ ਇਕ ਜ਼ਰੂਰੀ ਮੀਟਿੰਗ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅੰਜਲੀ ਚੌਧਰੀ ਅਤੇ ਸੀਨੀਅਰ ਮੈਡੀਕਲ ਅਫਸਰ ਜ਼ਿਲ੍ਹਾ ਹਸਪਤਾਲ ਰੂਪਨਗਰ ਡਾ. ਸਿਮਰਨਜੀਤ ਕੌਰ ਦੀ ਪ੍ਰਧਾਨਗੀ ਹੇਠ ਐਸ.ਐਮ.ਓ. ਦਫ਼ਤਰ ਰੂਪਨਗਰ ਵਿਖੇ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਵਿੱਚ ਸ਼ਹਿਰੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੇ ਹੋਰ ਸੁਧਾਰ ਅਤੇ ਲੋਕਾਂ ਤੱਕ ਸਿਹਤ ਸਬੰਧੀ ਸਕੀਮਾਂ ਦੀ ਪਹੁੰਚ ਨੂੰ ਪ੍ਰਭਾਵਸ਼ਾਲੀ ਬਣਾਉਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਡਾ. ਅੰਜਲੀ ਚੌਧਰੀ ਨੇ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਸ਼ਾ ਵਰਕਰ ਸਿਹਤ ਵਿਭਾਗ ਦਾ ਸਭ ਤੋਂ ਅਹਿਮ ਹਿੱਸਾ ਹਨ ਜੋ ਘਰ-ਘਰ ਜਾ ਕੇ ਮਹਿਲਾਵਾਂ, ਬੱਚਿਆਂ ਅਤੇ ਆਮ ਲੋਕਾਂ ਤੱਕ ਸਰਕਾਰੀ ਸਿਹਤ ਸਕੀਮਾਂ ਨੂੰ ਪਹੁੰਚਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਜਨਸੰਖਿਆ ਘਣਤਾ ਦੇ ਕਾਰਨ ਆਸ਼ਾ ਵਰਕਰਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ।
ਉਨ੍ਹਾਂ ਨੇ ਆਸ਼ਾ ਵਰਕਰਾਂ ਨੂੰ ਕਿਹਾ ਕਿ ਉਹ ਨਿਰੰਤਰ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਅਤੇ ਲੋਕਾਂ ਵਿੱਚ ਸਵੱਛਤਾ, ਟੀਕਾਕਰਨ, ਪਰਿਵਾਰ ਨਿਯੋਜਨ ਅਤੇ ਗਰਭਵਤੀ ਮਹਿਲਾਵਾਂ ਦੀ ਦੇਖਭਾਲ, ਜੱਚਾ ਬੱਚਾ ਸਿਹਤ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਲਈ ਮੁਹਿੰਮ ਦੇ ਰੂਪ ਵਿੱਚ ਕੰਮ ਕਰਨ।
ਡਾ. ਚੌਧਰੀ ਨੇ ਹਦਾਇਤ ਕੀਤੀ ਕਿ ਹਰ ਆਸ਼ਾ ਵਰਕਰ ਆਪਣੇ ਖੇਤਰ ਦੀ ਮਹੀਨਾਵਾਰ ਰਿਪੋਰਟ ਸਮੇਂ ਸਿਰ ਜਮ੍ਹਾਂ ਕਰਵਾਏ ਅਤੇ ਆਪਣੇ ਖੇਤਰ ਵਿੱਚ ਆ ਰਹੀਆਂ ਚੁਣੌਤੀਆਂ ਨੂੰ ਉੱਚ ਅਧਿਕਾਰੀਆਂ ਨਾਲ ਸਾਂਝਾ ਕਰੇ ਤਾਂ ਜੋ ਉਨ੍ਹਾਂ ਦਾ ਸਮੇਂ ਸਿਰ ਹੱਲ ਕੀਤਾ ਜਾ ਸਕੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਆਸ਼ਾਵਰਕਰਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਆਯੁਸ਼ਮਾਨ ਭਾਰਤ, ਐਚ.ਆਈ.ਵੀ. ਅਵੇਅਰਨੈਸ, ਟੀ.ਬੀ. ਮੁਕਤ ਪੰਜਾਬ ਅਤੇ ਗਰਭਵਤੀ ਮਹਿਲਾਵਾਂ ਲਈ ਮੁਫ਼ਤ ਜਾਂਚ ਸੇਵਾਵਾਂ ਬਾਰੇ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਇਹ ਸੇਵਾਵਾਂ ਲੋੜਵੰਦ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕਣ।
ਮੀਟਿੰਗ ਦੌਰਾਨ ਐਸ.ਐਮ.ਓ. ਡਾ. ਸਿਮਰਨਜੀਤ ਕੌਰ ਵੱਲੋਂ ਵੀ ਆਸ਼ਾ ਵਰਕਰਾਂ ਨੂੰ ਦਿਨ-ਪ੍ਰਤੀਦਿਨ ਦੇ ਕੰਮਾਂ ਦੀ ਯੋਜਨਾ ਬਣਾਉਣ ਅਤੇ ਟੀਮ ਵਰਕ ਨਾਲ ਕੰਮ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਆਸ਼ਾਵਰਕਰਾਂ ਦੀ ਸਹਿਯੋਗੀ ਭੂਮਿਕਾ ਨਾਲ ਹੀ ਜਨਤਾ ਦੇ ਸਿਹਤ ਮਾਪਦੰਡਾਂ ਵਿੱਚ ਸੁਧਾਰ ਆ ਸਕਦਾ ਹੈ।
ਇਸ ਮੌਕੇ ਐਲਐਚਵੀ ਰਜਿੰਦਰ ਕੌਰ, ਮੋਨੀਟਰਿੰਗ ਇਵੈਲੂਏਸ਼ਨ ਅਫਸਰ ਲਖਵੀਰ ਸਿੰਘ, ਸ਼ਹਿਰੀ ਖੇਤਰ ਦੀਆਂ ਏਐਨਐਮਜ ਅਤੇ ਅਰਬਨ ਆਸ਼ਾ ਵਰਕਰ ਹਾਜ਼ਰ ਸਨ।