District Magistrate sets time for harvesting paddy with combines from 10 am to 6 pm
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਮੈਜਿਸਟਰੇਟ ਵਲੋਂ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਨਿਰਧਾਰਿਤ
ਰੂਪਨਗਰ, 13 ਸਤੰਬਰ: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਅਨੁਸਾਰ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਇਨ੍ਹਾਂ ਹੁਕਮਾਂ ਦੇ ਅਨੁਸਾਰ ਕੰਬਾਇਨ ਚੱਲਣ ਦਾ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 6.00 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਸ਼ਾਮ 6.00 ਵਜੇ ਤੋਂ ਬਾਅਦ ਅਤੇ ਸਵੇਰੇ 10.00 ਵਜੇ ਤੋਂ ਪਹਿਲਾਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਕਰਨ ਦੀ ਪਾਬੰਦੀ ਲਗਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਰਾਤ ਸਮੇਂ ਪਈ ਤਰੇਲ ਕਾਰਨ ਝੋਨੇ ਵਿੱਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਤੋਂ ਵੱਧਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਅੱਧ ਸੁੱਕੇ ਝੋਨੇ ਦੀ ਕਟਾਈ ਤੇ ਵੀ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਨਾਲ ਹੀ ਕੱਟੀ ਗਈ ਝੋਨੇ ਦੀ ਨਾੜ/ਖੇਤੀਬਾੜੀ ਦੀ ਰਹਿੰਦ-ਖੂੰਹਦ ਨੂੰ ਕਿਸੇ ਵੀ ਸਮੇਂ ਅੱਗ ਲਗਾ ਕੇ ਸਾੜਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਪੁਰਾਣੀਆਂ ਹੋ ਚੁੱਕੀਆਂ ਕੰਬਾਈਨਾਂ ਜਿਨ੍ਹਾਂ ਵਿਚ ਮਕੈਨੀਕਲ ਨੁਕਸ ਹੋਣ ਕਾਰਨ ਟੁੱਟੇ ਹੋਏ ਚਾਵਲ ਦੇ ਦਾਣਿਆਂ ਦੀ ਮਾਤਰਾ ਵੀ ਮਾਪਦੰਡਾਂ ਤੋਂ ਕਾਫੀ ਵਧ ਜਾਂਦੀ ਹੈ, ਅਜਿਹੀਆਂ ਕੰਬਾਇਨਾਂ ਚਲਾਉਣ ਤੋਂ ਵੀ ਰੋਕ ਲਗਾਈ ਹੈ। ਸਾਰੀਆਂ ਕੰਬਾਇਨਾਂ ਬਿਓਰੋ ਆਫ ਇੰਡੀਅਨ ਸਟੈਂਡਰਡ ਸਰਟੀਫਿਕੇਟ ਮੁਤਾਬਕ ਹੀ ਹੋਣੀਆਂ ਚਾਹੀਦੀਆਂ ਹਨ। ਕੋਈ ਵੀ ਕੰਬਾਇਨ ਹਾਰਵੇਸਟਰ ਸੁਪਰ ਐਸ.ਐਮ.ਐਸ. ਲਗਾਏ ਬਗੈਰ ਨਹੀਂ ਵਰਤਿਆ ਜਾਵੇ।
ਜੇਕਰ ਕੋਈ ਵਿਅਕਤੀ ਸ਼ਾਮ 6.00 ਵਜੇ ਤੋਂ ਬਾਅਦ ਅਤੇ ਸਵੇਰੇ 10.00 ਵਜੇ ਤੋਂ ਪਹਿਲਾਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਕਰਦਾ ਪਾਇਆ ਗਿਆ ਤਾਂ ਉਸ ਦੀ ਕੰਬਾਇਨ 7 ਦਿਨਾਂ ਲਈ ਜ਼ਬਤ ਕਰ ਲਈ ਜਾਵੇਗੀ। ਇਸ ਹੁਕਮ ਨੂੰ ਲਾਗੂ ਕਰਵਾਉਣ ਦੇ ਸੀਨੀਅਰ ਪੁਲਿਸ ਕਪਤਾਨ ਰੂਪਨਗਰ, ਮੁੱਖ ਖੇਤੀਬਾੜੀ ਅਫਸਰ ਰੂਪਨਗਰ, ਤਹਿਸੀਲਦਾਰ ਰੂਪਨਗਰ/ਸ੍ਰੀ ਚਮਕੌਰ ਸਾਹਿਬ/ਮੋਰਿੰਡਾ/ਸ੍ਰੀ ਅਨੰਦਪੁਰ ਸਾਹਿਬ/ਨੰਗਲ ਜ਼ਿੰਮੇਵਾਰ ਹੋਣਗੇ।
ਇਹ ਹੁਕਮ 13 ਸਤੰਬਰ 2025 ਤੋਂ 14 ਨਵੰਬਰ 2025 ਤੱਕ ਲਾਗੂ ਰਹਿਣਗੇ।