Important meeting held regarding child death review
ਚਾਇਲਡ ਡੈਥ ਰਿਵਿਊ ਸਬੰਧੀ ਹੋਈ ਅਹਿਮ ਮੀਟਿੰਗ
ਰੂਪਨਗਰ, 12 ਸਤੰਬਰ: ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਦੀ ਅਗਵਾਈ ਹੇਠ ਬਲਾਕ ਨਾਲ ਸੰਬੰਧਿਤ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਫੀਮੇਲ) ਅਤੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀ ਚਾਇਲਡ ਡੈਥ ਰਿਵਿਊ (ਸੀ.ਡੀ.ਆਰ.) ਸਬੰਧੀ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੌਕੇ ਡਾ. ਨਵਰੂਪ ਕੌਰ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਜਨਮ ਤੋਂ ਬਾਅਦ ਬੱਚਿਆਂ ਦੀਆਂ ਮੌਤਾਂ ਨੂੰ ਘਟਾਉਣਾ ਹੈ। ਮੀਟਿੰਗ ਦੌਰਾਨ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਟੀਕਾਕਰਨ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜੋ ਕੋਈ ਵੀ ਬੱਚਾ ਲੋੜੀਂਦੇ ਟੀਕੇ ਤੋਂ ਵਾਂਝਾ ਨਾ ਰਹੇ।
ਜ਼ਿਲ੍ਹਾ ਟੀਕਾਕਰਨ ਅਫਸਰ ਨੇ ਹੋਰ ਦੱਸਿਆ ਕਿ ਵਿਭਾਗ ਵੱਲੋਂ ਹਰ ਮਹੀਨੇ ਸੀ.ਡੀ.ਆਰ. ਮੀਟਿੰਗ ਕਰਵਾਈ ਜਾਂਦੀ ਹੈ। ਜੇਕਰ ਕਿਸੇ ਬਲਾਕ ਵਿੱਚ ਜਨਮ ਉਪਰੰਤ ਬੱਚੇ ਦੀ ਮੌਤ ਹੁੰਦੀ ਹੈ, ਤਾਂ ਉਸ ਬਲਾਕ ਦੇ ਸਬੰਧਿਤ ਸਿਹਤ ਕਰਮੀਆਂ ਤੋਂ ਮੌਤ ਦੇ ਕਾਰਨ, ਬੱਚੇ ਦੇ ਟੀਕਾਕਰਨ ਅਤੇ ਮਾਂ ਦੇ ਟੀਕਾਕਰਨ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਟੀਕਾਕਰਨ ਸੈਸ਼ਨ ਲਗਾ ਕੇ ਨਵਜੰਮੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਟੀਕਾਕਰਨ ਬਹੁਤ ਲਾਜ਼ਮੀ ਹੈ ਅਤੇ ਇਸ ਪ੍ਰੋਗਰਾਮ ਰਾਹੀਂ ਬੱਚਿਆਂ ਨੂੰ ਕਈ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਜਨਮ ਉਪਰੰਤ ਜੇਕਰ ਬੱਚੇ ਵਿੱਚ ਕੋਈ ਵੀ ਸਰੀਰਕ ਸਮੱਸਿਆ ਆਉਂਦੀ ਹੈ ਤਾਂ ਮਾਪੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ।
ਡਾ. ਨਵਰੂਪ ਕੌਰ ਨੇ ਸਿਹਤ ਕਰਮੀਆਂ ਨਾਲ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਬੱਚੇ ਲਈ ਸੰਤੁਲਿਤ ਖੁਰਾਕ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਕਰਮੀ ਆਪਣੇ-ਆਪਣੇ ਬਲਾਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਕਿ ਮਾਂ ਦਾ ਦੁੱਧ ਬੱਚੇ ਦੀ ਜ਼ਿੰਦਗੀ ਲਈ ਸਭ ਤੋਂ ਮਹੱਤਵਪੂਰਨ ਹੈ ਅਤੇ ਸਹੀ ਉਮਰ ਵਿੱਚ ਬੱਚੇ ਨੂੰ ਸੰਤੁਲਿਤ ਖੁਰਾਕ ਦੇਣਾ ਉਸ ਦੇ ਸਿਹਤਮੰਦ ਭਵਿੱਖ ਲਈ ਲਾਜ਼ਮੀ ਹੈ।
ਇਸ ਮੌਕੇ ਬੱਚਿਆਂ ਦੇ ਮਾਹਰ ਡਾ. ਗੁਰਸੇਵਕ ਸਿੰਘ, ਮੈਡੀਕਲ ਅਫਸਰਾਂ, ਐਲ.ਐਚ.ਵੀ., ਏ.ਐਨ.ਐਮ. ਆਦਿ ਵੀ ਹਾਜ਼ਰ ਸਨ।