Health Department teams visit flood-prone areas

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹੜ ਸੰਭਾਵਿਤ ਖੇਤਰਾਂ ਦਾ ਕੀਤਾ ਗਿਆ ਦੌਰਾ
ਰੂਪਨਗਰ, 28 ਅਗਸਤ: ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਰੂਪਨਗਰ ਦੀਆਂ ਜ਼ਿਲ੍ਹਾ ਪੱਧਰੀ ਟੀਮਾਂ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਬਲਾਕਾਂ ਦੇ ਹੜ ਸੰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ ਵੱਲੋਂ ਮੋਰਿੰਡਾ ਅਤੇ ਜ਼ਿਲ੍ਹਾ ਐਪੀਡਮੋਲਜਿਸਟ ਡਾ. ਜਤਿੰਦਰ ਕੌਰ ਵੱਲੋਂ ਬਲਾਕ ਕੀਰਤਪੁਰ ਅਤੇ ਬਲਾਕ ਭਰਤਗੜ੍ਹ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਉਕਤ ਟੀਮ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਦੇ ਨਾਲ ਹੀ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਕਿਸੇ ਵੀ ਸੰਕਟਕਾਲੀਨ ਸਥਿਤੀ ਨਾਲ ਨਿਪਟਣ ਲਈ ਦਵਾਈਆਂ ਅਤੇ ਲੋੜੀਂਦੇ ਉਪਕਰਨਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ, ਐਮਰਜੰਸੀ ਮੈਡੀਕਲ ਟੀਮਾਂ ਗਠਿਤ ਕੀਤੀਆਂ ਜਾਣ। ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਹੜ ਸੰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾਵੇ ਅਤੇ ਪਿੰਡਾਂ ਵਿੱਚ ਰਾਜ ਪੱਧਰ ਤੋਂ ਪ੍ਰਾਪਤ ਹੋਈ ਐਡਵਾਈਜਰੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ।
ਇਸ ਮੌਕੇ ਟੀਮਾਂ ਵੱਲੋਂ ਮੋਰਿੰਡਾ ਸ਼ਹਿਰੀ ਖੇਤਰ ਦੇ ਨਾਲ-ਨਾਲ ਬਲਾਕ ਕੀਰਤਪੁਰ ਸਾਹਿਬ ਦੇ ਪਿੰਡ ਗੱਜਪੁਰ, ਚੰਦਪੁਰ, ਮੰਡਾਲੀ ਕਲਾਂ, ਹਰੀਵਾਲ ਅਤੇ ਬਲਾਕ ਭਰਤਗੜ੍ਹ ਦੇ ਪਿੰਡ ਛੋਟੀ ਚੱਕੀਆਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਮੋਰਿੰਡਾ ਡਾ. ਪਰਮਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਪੀਐਚਸੀ ਕੀਰਤਪੁਰ ਸਾਹਿਬ ਡਾ. ਜੰਗਜੀਤ ਸਿੰਘ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ, ਸੈਨਟਰੀ ਇੰਸਪੈਕਟਰ ਰਣਜੀਤ ਸਿੰਘ ਅਤੇ ਸਿਹਤ ਸੰਸਥਾਵਾਂ ਦੇ ਸਟਾਫ ਮੈਂਬਰ ਮੌਜੂਦ ਸਨ।