Easy registration started in Rupnagar, SDM gave the first registration

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੂਪਨਗਰ ’ਚ ਈਜ਼ੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ, ਐਸਡੀਐਮ ਨੇ ਦਿੱਤੀ ਪਹਿਲੀ ਰਜਿਸਟਰੀ
ਈਜ਼ੀ ਰਜਿਸਟ੍ਰੇਸ਼ਨ ਪ੍ਰਣਾਲੀ ਤਹਿਤ ਪਹਿਲੇ ਦਿਨ ਰੂਪਨਗਰ ਤਹਿਸੀਲ ‘ਚ 07 ਦਸਤਾਵੇਜ਼ ਹੋਏ ਰਜਿਸਟਰ
ਬਿਨੈਕਾਰਾਂ ਨੇ ਨਿਵੇਕਲੀ ਪਹਿਲ ਤੇ ਕ੍ਰਾਂਤੀਕਾਰੀ ਤਬਦੀਲੀ ਲਈ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ
ਰੂਪਨਗਰ, 03 ਜੁਲਾਈ: ਬਿਨੈਕਾਰਾਂ ਨੂੰ ਬਿਨਾਂ ਦੇਰੀ ਦੇ ਤੁਰੰਤ ਤੇ ਹੋਰ ਪਾਰਦਰਸ਼ੀ ਰਜਿਸਟ੍ਰੇਸ਼ਨ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇਕ ਹੋਰ ਮਹੱਤਵਪੂਰਣ ਕਦਮ ਪੁੱਟਦਿਆਂ ਤਹਿਸੀਲ ਰੂਪਨਗਰ ਵਿਖੇ ਅੱਜ ਈਜ਼ੀ ਰਜਿਸਟਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ, ਐਸਡੀਐਮ ਰੂਪਨਗਰ ਡਾ. ਸੰਜੀਵ ਕੁਮਾਰ ਅਤੇ ਤਹਿਸੀਲਦਾਰ ਰੂਪਨਗਰ ਹਰਮਿਸਰਨ ਸਿੰਘ ਨੇ ਪਹਿਲੀ ਈਜ਼ੀ ਰਜਿਸਟਰੀ ਖਰੀਦਦਾਰ ਨਵਨੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਮੁੱਲਾਪੁਰ ਗਰੀਬਦਾਰ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਨੂੰ ਦਿੱਤੀ ਅਤੇ ਨਾਲ ਇੱਕ ਬੂਟਾ ਦੇ ਕੇ ਚੰਗਾ ਸੁਨੇਹਾ ਵੀ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਐਸਡੀਐਮ ਰੂਪਨਗਰ ਨੇ ਦੱਸਿਆ ਕਿ ਇਹ ਨਵੀਂ ਪ੍ਰਣਾਲੀ ਪੰਜਾਬ ਸਰਕਾਰ ਦੀ ਸੂਬਾ ਵਾਸੀਆਂ ਨੂੰ ਬਿਨ੍ਹਾਂ ਕਿਸੇ ਦੇਰੀ ਅਤੇ ਪਾਰਦਰਸ਼ੀ ਢੰਗ ਨਾਲ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਸੂਬੇ ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਤਹਿਤ ਬਿਨੈਕਾਰ ਆਪਣੀ ਜਾਇਦਾਦ ਦੀ ਡੀਡ ਖੁਦ ਲਿਖਕੇ ਆਨਲਾਈਨ ਜਮ੍ਹਾ ਕਰਵਾ ਸਕਣਗੇ, ਜਿਸ ਤੋਂ ਬਾਅਦ ਸਬ ਰਜਿਸਟਰਾਰ ਦਫ਼ਤਰ 48 ਘੰਟਿਆਂ ਵਿੱਚ ਇਸ ਨੂੰ ਮਨਜ਼ੂਰੀ ਦੇ ਦਿੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਨਜ਼ੂਰੀ ਤੋਂ ਬਾਅਦ ਬਿਨੈਕਾਰ ਸਬ ਰਜਿਸਟਰਾਰ ਦਫ਼ਤਰ ਜਾ ਕੇ ਕੁਝ ਹੀ ਮਿੰਟਾਂ ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਮੁਕੰਮਲ ਕਰ ਸਕਦੇ ਹਨ।ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਈਜ਼ੀ ਰਜਿਸਟ੍ਰੇਸ਼ਨ ਪ੍ਰਣਾਲੀ ਤਹਿਤ ਪਹਿਲੇ ਦਿਨ ਰੂਪਨਗਰ ਤਹਿਸੀਲ ‘ਚ 07 ਦਸਤਾਵੇਜ਼ ਰਜਿਸਟਰ ਹੋਏ ਹਨ।
ਨਵਨੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਮੁੱਲਾਪੁਰ ਗਰੀਬਦਾਰ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਨੇ ਇਸ ਵਿਲੱਖਣ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਸ ਵੱਲੋਂ ਮੰਗਲਵਾਰ ਨੂੰ ਅਪਲਾਈ ਕੀਤਾ ਗਿਆ ਸੀ ਅਤੇ ਬੁੱਧਵਾਰ ਨੂੰ ਪੰਜਾਂ ਮਿੰਟਾਂ ਵਿੱਚ ਆਪਣੀ ਜਾਇਦਾਦ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਕੰਮਲ ਕਰ ਲਈ। ਇਸ ਪ੍ਰਣਾਲੀ ਨੂੰ ਬਹੁਤ ਹੀ ਆਸਾਨ ਦੱਸਦਿਆਂ ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਹੀ ਪ੍ਰਕਿਰਿਆ ਮੁਕੰਮਲ ਕਰਨ ਵਿੱਚ ਕਈ ਦਿਨ ਲੱਗ ਜਾਂਦੇ ਸਨ ਅਤੇ ਕਈ-ਕਈ ਘੰਟੇ ਸਬ ਰਜਿਸਟਰਾਰਾਂ ਦੇ ਦਫ਼ਤਰਾਂ ਵਿੱਚ ਲੰਬੀ ਉਡੀਕ ਕਰਨੀ ਪੈਂਦੀ ਸੀ।
ਇਸ ਮੌਕੇ ਰਜਿਸਟਰੀ ਕਲਰਕ ਮੈਡਮ ਰਮਨ ਅਤੇ ਟੈਕਨੀਕਲ ਸਹਾਇਕ ਸਰਬਦੀਪ ਸਿੰਘ ਅਤੇ ਹੋਰ ਕਰਮਚਾਰੀ ਹਾਜ਼ਰ ਸਨ।