Krishi Sankalp Abhiyan 2025 developed by PAU- Krishi Vigyan Kendra Ropar successfully completed
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਪੀ.ਏ.ਯੂ.- ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ 2025 ਸਫਲਤਾਪੂਰਵਕ ਸੰਪੰਨ
ਰੂਪਨਗਰ, 13 ਜੂਨ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ 29 ਮਈ ਤੋੰ 12 ਜੂਨ 2025 ਤੱਕ ਚਲਾਇਆ ਜਾ ਰਿਹਾ ਵਿਕਿਸਤ ਕ੍ਰਿਸ਼ੀ ਸੰਕਲਪ ਅਭਿਆਨ ਸਫਲਤਾਪੂਰਵਕ ਸੰਪਨ ਹੋ ਗਿਆ।
ਇਨ੍ਹਾਂ ਕੈਂਪਾਂ ਦੀ ਮੁਹਿੰਮ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਮੁਖੀ ਡਾ. ਸਤਬੀਰ ਸਿੰਘ ਅਤੇ ਮੁੱਖ ਖੇਤੀਬਾੜੀ ਅਫਸਰ ਰੋਪੜ ਡਾ. ਰਾਕੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ ਹੇਠ ਸਾਇਸੰਦਾਨਾਂ ਡਾ. ਅਪਰਨਾ, ਡਾ. ਸੰਜੀਵ ਆਹੁਜਾ, ਡਾ. ੳਰਵੀ ਸ਼ਰਮਾ ਅਤੇ ਡਾ. ਅੰਕੁਰਦੀਪ ਪ੍ਰੀਤੀ ਅਤੇ ਵੱਖ-ਵੱਖ ਬਲਾਕਾਂ ਦੇ ਖੇਤੀਬਾੜੀ, ਬਾਗਬਾਨੀ ਅਧਿਕਾਰੀਆਂ ਤੇ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਨੇ ਮਿਲ ਕੇ ਰੋਪੜ ਜ਼ਿਲ੍ਹੇ ਦੇ ਤਿੰਨ ਬਲਾਕਾਂ ਸ਼੍ਰੀ ਆਨੰਦਪੁਰ ਸਾਹਿਬ, ਰੋਪੜ, ਨੂਰਪੁਰ ਬੇਦੀ ਦੇ ਤਕਰੀਬਨ 93 ਤੋਂ ਜਿਆਦਾ ਪਿੰਡਾਂ ਵਿੱਚ ਕੈਂਪ ਲਗਾਏ ਤੇ ਨਾਲ ਹੀ ਕਿਸਾਨਾਂ ਦੇ ਖੇਤਾਂ ਦਾ ਦੌਰਾ ਵੀ ਕੀਤਾ ਜਿਸ ਵਿੱਚ 15000 ਤੋਂ ਵੱਧ ਕਿਸਾਨਾਂ/ਕਿਸਾਨ ਬੀਬੀਆਂ ਨੇ ਹਿੱਸਾ ਲਿਆ।
ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਮੁਖੀ ਡਾਇਰੈਕਟਰ ਡਾ. ਸਤਬੀਰ ਸਿੰਘ ਨੇ ਕਿਹਾ ਕੇ ਇਹ ਅਭਿਆਨ ਕਿਸਾਨਾਂ ਨੂੰ ਸਾਉਣੀ ਫ਼ਸਲ ਸੀਜ਼ਨ ਲਈ ਗਿਆਨ ਅਤੇ ਜਾਣਕਾਰੀ ਨਾਲ ਸਸ਼ਕਤ ਕਰਨ ਦੇ ਉਦੇਸ਼ ਨਾਲ ਚਲਾਈ ਗਈ ਇੱਕ ਦੇਸ਼ ਵਿਆਪੀ ਖੇਤੀਬਾੜੀ ਪਹੁੰਚ ਮੁਹਿੰਮ ਹੈ ਜੋ ਕਿ ਜੋ ਭਾਰਤ ਸਰਕਾਰ ਦੇ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਭਾਰਤੀ ਖੇਤੀਬਾੜੀ ਖੋਜ ਸੰਸਥਾ ਦੁਆਰਾ ਦੇਸ਼ ਪੱਧਰ ‘ਤੇ ਚਲਾਈ ਗਈ।
ਡਾ. ਸਤਬੀਰ ਸਿੰਘ ਨੇ ਦੱਸਿਆ ਕਿ ਕੈਂਪਾਂ ਦੌਰਾਨ ਕੇਵੀਕੇ ਰੋਪੜ ਵੱਲੋਂ ਦਿੱਤੀਆਂ ਜਾ ਰਹੀਆਂ ਕਿੱਤਾ ਮੁਖੀ ਸਿਖਲਾਈਆਂ, ਪ੍ਰਦਰਸ਼ਨੀਆਂ ਅਤੇ ਖੇਤੀ ਖੋਜ ਤਜ਼ਰਬਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਇਨ੍ਹਾਂ ਕੈਂਪਾਂ ਵਿੱਚ ਮੌਜੂਦ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜਨ ਦਾ ਸੱਦਾ ਦਿੱਤਾ ਅਤੇ ਇਸ ਤੋਂ ਮਿਲਣ ਵਾਲਿਆਂ ਸਹੂਲਤਾਂ ਦਾ ਲਾਹਾ ਲੈ ਕੇ ਆਮਦਨ ਦੇ ਵਾਧੇ ਬਾਰੇ ਜਾਗਰੂਕ ਕੀਤਾ।
ਉਨ੍ਹਾਂ ਕੈਂਪਾਂ ਵਿੱਚ ਵੱਖ-ਵੱਖ ਖੇਤੀਬਾੜੀ ਸਕੀਮਾਂ ਜਿਵੇਂ ਸੀਆਰਐਮ ਮਸ਼ੀਨਰੀ ਸਬੰਧੀ ਸਕੀਮ, ਖੇਤੀਬਾੜੀ, ਪਸ਼ੂ ਪਾਲਣ ਅਤੇ ਬਾਗਬਾਨੀ ਵਿਭਾਗ ਵੱਲੋਂ ਮਿਲਣ ਵਾਲੀ ਸਬਸਿਡੀ ਸਬੰਧੀ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਕਿਸਾਨਾਂ ਨੂੰ ਇਨ੍ਹਾਂ ਦਾ ਪੂਰਾ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਮੌਕੇ ਤੇ ਸੁਝਾਅ ਦਿੱਤੇ ਗਏ ਅਤੇ ਖੇਤੀ ਸੰਬੰਧੀ ਸਾਹਿਤ ਅਤੇ ਪ੍ਰਕਾਸ਼ਨਾਵਾਂ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ। ਕਿਸਾਨਾਂ ਨੇ ਇਸ ਮੁਹਿੰਮ ਵਿੱਚ ਵਧ-ਚੜ੍ਹ ਕੇ ਭਾਗ ਲਿਆ ਅਤੇ ਖੇਤੀ ਸਮੱਸਿਆਵਾਂ ਬਾਰੇ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ।