An awareness seminar on mental health was conducted by the health department
ਸਿਹਤ ਵਿਭਾਗ ਵੱਲੋਂ ਮਾਨਸਿਕ ਸਿਹਤ ਤੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ
ਰੂਪਨਗਰ, 14 ਅਕਤੂਬਰ: ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਵਲ ਹਸਪਤਾਲ ਰੂਪਨਗਰ ਵਿਖੇ ਡਾ. ਕੰਵਰਬੀਰ ਸਿੰਘ ਗਿੱਲ, ਡਾ. ਅੰਤਰਾ (ਮਾਨਸਿਕ ਰੋਗਾਂ ਦੇ ਮਾਹਰ) ਵੱਲੋਂ ਇੱਕ ਸੈਮੀਨਾਰ ਕੀਤਾ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਕੰਵਰਬੀਰ ਸਿੰਘ ਗਿੱਲ ਤੇ ਡਾ. ਅੰਤਰਾ ਨੇ ਕਿਹਾ ਕਿ ਚੰਗੀ ਸਿਹਤ ਲਈ ਮਾਨਸਿਕ ਸਿਹਤ ਦਾ ਠੀਕ ਹੋਣਾ ਬਹੁਤ ਜਰੂਰੀ ਹੈ, ਮਾਨਸਿਕ ਸਿਹਤ ਤੋਂ ਭਾਵ ਸਰੀਰ ਅਤੇ ਮਨ, ਦੋਵਾਂ ਦਾ ਹੀ ਨਿਪੁੰਨਤਾ ਅਤੇ ਇਕਸਾਰਤਾ ਨਾਲ ਕੰਮ ਕਰਨ ਤੋਂ ਹੈ। ਮਾਨਸਿਕ ਸਿਹਤ ਮੂਲ ਕਾਰਕ ਹੈ ਜਿਹੜਾ ਸਰੀਰਕ ਸਿਹਤ ਅਤੇ ਸਮਾਜਿਕ ਪ੍ਰਭਾਵ ਕਾਇਮ ਕਰਨ ਵਿੱਚ ਯੋਗਦਾਨ ਪਾਉਂਦਾ ਹੈ। ਜੇ ਕੋਈ ਸ਼ਖ਼ਸ ਸਰੀਰਕ ਤੌਰ ‘ਤੇ ਚੰਗੀ ਸਿਹਤ ਦਾ ਮਾਲਕ ਹੈ ਤੇ ਉਸ ਦੀਆਂ ਇੱਛਕ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਹਨ ਤਾਂ ਉਸ ਦੀ ਮਾਨਸਿਕ ਸਿਹਤ ਵੀ ਚੰਗੀ ਹੈ।
ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਨੂੰ ਪਰਿਭਾਸ਼ਤ ਕਰਨ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਇਸ ਨਾਲ ਇੱਕ ਵਿਅਕਤੀ ਨੂੰ ਆਪਣੀਆਂ ਸਮਰੱਥਾਵਾਂ ਦਾ ਪਤਾ ਚੱਲਦਾ ਹੈ, ਇਹ ਆਤਮ-ਵਿਸ਼ਵਾਸ ਆਉਂਦਾ ਕਿ ਉਹ ਜੀਵਨ ਦੇ ਤਣਾਅ ਦੇ ਨਾਲ ਸਾਹਮਣਾ ਕਰ ਸਕਦੇ ਹਨ, ਉਤਪਾਦਕਤਾ ਕੰਮ ਅਤੇ ਆਪਣੇ ਜਾਂ ਆਪਣੇ ਸਮੁਦਾਇ ਦੇ ਲਈ ਇੱਕ ਯੋਗਦਾਨ ਕਰਨ ਵਿੱਚ ਸਮਰੱਥ ਹੋ ਸਕਦੇ ਹਨ। ਇਸ ਸਾਕਾਰਾਤਮਕ ਅਰਥ ਵਿੱਚ ਇਹ ਵੀ ਮੰਨਿਆ ਜਾ ਸਕਦਾ ਹੈ ਕਿ, ਇਸ ਉਲਝਣ ਨੂੰ ਲੜ ਕੇ ਅਤੇ ਜਿੱਤ ਕੇ ਮਾਨਸਿਕ ਤੌਰ ਤੇ ਸਿਹਤਮੰਦ ਵਿਅਕਤੀ ਚੰਗੀ ਤਰ੍ਹਾਂ ਨਾਲ ਕਿਸੇ ਵੀ ਕੰਮ ਨੂੰ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਘਰ ਬੈਠੇ ਹੀ ਤੁਸੀਂ 14416 ਅਤੇ 18008914416 ਟੈਲੀਮਾਨਸ ਦੁਆਰਾ ਮਾਨਸਿਕ ਸਿਹਤ ਸਬੰਧੀ ਜਾਣਕਾਰੀ ਲੈ ਸਕਦੇ ਹੋ ਅਤੇ ਆਪਣੇ ਮਰੀਜ਼ ਨੂੰ ਵੀ ਦਿਖਾ ਸਕਦੇ ਹੋ। ਰੂਪਨਗਰ ਵਿਖੇ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਵਿਖੇ ਮਨੋਰੋਗ ਮਾਹਿਰ ਡਾਕਟਰਾਂ, ਕਾਉੰਸਲਰਾਂ ਦੀ ਸੇਵਾਵਾਂ ਅਤੇ ਦਵਾਈਆਂ ਮੁਫਤ ਉਪਲੱਬਧ ਹਨ।
ਮਨੋਰੋਗ ਮਾਹਿਰ ਡਾ. ਕੰਵਰਬੀਰ ਸਿੰਘ ਗਿੱਲ ਤੇ ਡਾ. ਅੰਤਰਾ ਨੇ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਪਰਿਵਾਰ ਦਾ ਕੋਈ ਵੀ ਵਿਅਕਤੀ ਨਸ਼ਾ ਸੇਵਨ ਦਾ ਆਦੀ ਅਤੇ ਮਨੋਰੋਗ ਦਾ ਪੀੜਤ ਹੈ ਤਾਂ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਜਾਣਾ ਚਾਹੀਦਾ ਹੈ, ਇੱਥੇ ਮਰੀਜ਼ ਦੀ ਪਹਿਚਾਨ ਗੁਪਤ ਰੱਖੀ ਜਾਂਦੀ ਹੈ।
ਇਸ ਤੋਂ ਇਲਾਵਾ ਜ਼ਿਲੇ ਅੰਦਰ ਚੱਲ ਰਹੇ ਸਾਰੇ ਓਟ ਸੈਂਟਰਾਂ ਤੇ ਨਸ਼ਾ ਛੱਡਣ ਲਈ ਮੁਫਤ ਦਵਾਈਆਂ ਅਤੇ ਮੁਫਤ ਕਾਉਂਸਲਿੰਗ ਦੀਆਂ ਸੇਵਾਵਾਂ ਉਪਲੱਬਧ ਹਨ। ਉਨ੍ਹਾਂ ਸਮੂਹ ਜ਼ਿਲਾ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਿਹਤ ਹਸਪਤਾਲ ਦੇ ਅਧਿਕਾਰੀ ਅਤੇ ਕਰਮਚਾਰੀ ਗਿਣਤੀ ਵਿੱਚ ਹਾਜ਼ਰ ਸਨ।