To live a healthy life free from diseases, it is very important to keep your surroundings clean – Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਬਿਮਾਰੀਆਂ ਤੋਂ ਮੁਕਤ ਤੰਦਰੁਸਤ ਜੀਵਨ ਬਤੀਤ ਕਰਨ ਲਈ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣਾ ਅਤਿ ਜ਼ਰੂਰੀ – ਡਿਪਟੀ ਕਮਿਸ਼ਨਰ
“ਸਵੱਛਤਾ ਹੀ ਸੇਵਾ 2024” ਮੁਹਿੰਮ ਸਬੰਧੀ ਕੀਤੀ ਮੀਟਿੰਗ
ਜ਼ਿਲ੍ਹਾ ਵਾਸੀਆਂ ਨੂੰ ਵੀ “ਸਵੱਛਤਾ ਹੀ ਸੇਵਾ 2024” ਅਭਿਆਨ ਵਿੱਚ ਭਾਗ ਲੈਣ ਦੀ ਕੀਤੀ ਅਪੀਲ
ਰੂਪਨਗਰ, 9 ਸਤੰਬਰ: ਆਪਣਾ ਆਲੇ-ਦੁਆਲਾ, ਜਿੱਥੇ ਅਸੀਂ ਰਹਿੰਦੇ ਹਾਂ ਅਤੇ ਜੀਵਨ ਬਸਰ ਕਰਦੇ ਹਾਂ, ਨੂੰ ਸਾਫ-ਸੁਥਰਾ ਰੱਖਣਾ ਅਤਿ ਜ਼ਰੂਰੀ ਹੈ ਕਿਉੰਕਿ ਜੇਕਰ ਸਾਡਾ ਆਲਾ-ਦੁਆਲਾ ਸਾਫ-ਸੁਥਰਾ ਹੋਵੇਗਾ ਤਾਂ ਹੀ ਅਸੀਂ ਬਿਮਾਰੀਆਂ ਤੋਂ ਮੁਕਤ ਹੋ ਕੇ ਤੰਦਰੁਸਤ ਰਹਾਂਗੇ। ਜੇਕਰ ਅਸੀਂ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਸਾਡਾ ਪਿੰਡ, ਸ਼ਹਿਰ, ਕਸਬਾ ਅਤੇ ਜ਼ਿਲ੍ਹਾ ਸਭ ਹੀ ਸਾਫ਼ ਸੁਥਰੇ ਆਪਣੇ ਆਪ ਹੋ ਜਾਣਗੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ “ਸਵੱਛਤਾ ਹੀ ਸੇਵਾ 2024” ਮੁਹਿੰਮ ਸਬੰਧੀ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ “ਸੁਭਾਅ ਸਵੱਛਤਾ ਸੰਸਕਾਰ ਸਵੱਛਤਾ” ਨੂੰ ਮੁੱਖ ਰੂਪ ਵਿੱਚ ਜਨ ਜਨ ਤੱਕ ਲਾਗੂ ਕੀਤਾ ਜਾਵੇਗਾ। ਉਨ੍ਹਾਂ ਮੁਹਿੰਮ ਦੇ ਤਿੰਨ ਮੁੱਖ ਸਤੰਭਾਂ “ਜਨ ਭਾਗੀਦਾਰੀ, ਸੰਪੂਰਨ ਸਵੱਛਤਾ ਅਤੇ ਸਫਾਈ ਮਿੱਤਰ ਸੁਰੱਖਿਆ ਸ਼ਿਵਿਰ” ਨੂੰ ਮੁੱਖ ਰੱਖ ਕੇ ਗਤੀਵਿਧੀਆਂ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਡਾ. ਪ੍ਰੀਤੀ ਯਾਦਵ ਵੱਲੋਂ ਜੋਰ ਦੇ ਕੇ ਕਿਹਾ ਗਿਆ ਕਿ ਸਵੱਛ ਭਾਰਤ ਰਹੀ ਬਹੁਤ ਹੀ ਅਹਿਮ ਮੁਹਿੰਮ ਹੈ ਜਿਸ ਵਿੱਚ ਸ਼ਹਿਰੀ ਅਤੇ ਪੇਂਡੂ ਇਲਾਕਿਆ ਵਿੱਚ ਰਹਿਣ ਵਾਲੇ ਵਾਸੀਆਂ ਦੀ ਭਾਗੀਦਾਰੀ ਰਾਹੀਂ ਆਪਣੇ ਸ਼ਹਿਰਾਂ, ਘਰਾਂ ਅਤੇ ਪਿੰਡਾਂ ਨੂੰ ਸਾਫ-ਸੁਥਰਾ ਬਣਾ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਤਹਿਤ ਜ਼ਿਲ੍ਹੇ ਦੀ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿਸ ਵਿਚ ਬੱਸ ਸਟੈਂਡ, ਰੇਲਵੇ ਸਟੇਸ਼ਨ, ਬੀਚ, ਸੈਰ-ਸਪਾਟਾ ਸਥਾਨਾਂ, ਸਕੂਲਾਂ, ਕਾਲਜਾਂ, ਇਤਿਹਾਸਕ ਸਮਾਰਕ, ਵਿਰਾਸਤੀ ਸਥਾਨ, ਪਿੰਡਾਂ ਅਤੇ ਕਲੋਨੀਆਂ ਵਿਚ ਸਫਾਈ ਕੀਤੀ ਜਾਵੇਗੀ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾਣਗੀਆਂ ਜਿਸ ਨਾਲ ਅਸੀਂ ਸਾਫ-ਸੁਥਰਾ ਤੇ ਤੰਦਰੁਸਤ ਵਾਤਾਵਰਣ ਸਿਰਜਣ ਵਿਚ ਸਫਲ ਹੋ ਸਕੀਏ। ਉਨ੍ਹਾਂ ਸਿੱਖਿਆ ਵਿਭਾਗ ਨੂੰ ਖਾਸ ਤੌਰ ਤੇ ਹਦਾਇਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣ।
ਉਨ੍ਹਾਂ ਇਸ ਸਵੱਛਤਾ ਅਭਿਆਨ ਸੰਬੰਧੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਅਭਿਆਨ ਤਹਿਤ ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਸਫਾਈ ਕੀਤੀ ਜਾਵੇਗੀ ਅਤੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਣ ਲਈ ਜਾਗਰੂਕ ਵੀ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਅਭਿਆਨ ਵਿੱਚ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਹੀ ਮਹਾਤਮਾ ਗਾਂਧੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਸੰਜੀਵ ਕੁਮਾਰ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਰੂਪਨਗਰ ਮਾਈਕਲ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਸ੍ਰੀ ਅਨੰਦਪੁਰ ਸਾਹਿਬ ਹਰਜੀਤਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਧਨਵੰਤ ਸਿੰਘ ਰੰਧਾਵਾ, ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰੰਜਨਾ ਕਤਿਆਲ, ਬੀਡੀਪੀਓ ਹਰਕੀਰਤ ਸਿੰਘ, ਬੀਡੀਪੀਓ ਰਵਿੰਦਰ ਸਿੰਘ, ਬੀਡੀਪੀਓ ਈਸ਼ਾਨ ਚੌਧਰੀ, ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ, ਸੀਡੀਪੀਓ ਨਿਖਿਲ ਅਰੋੜਾ, ਖੇਤੀਬਾੜੀ ਅਫਸਰ ਪੰਕਜ ਕੁਮਾਰ, ਜ਼ਿਲ੍ਹੇ ਦੇ ਸਮੂਹ ਕਾਰਜ ਸਾਧਕ ਅਫਸਰ ਅਤੇ ਹੋਰ ਸਮੂਹ ਵਿਭਾਗਾਂ ਤੋਂ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।