The Deputy Commissioner visited the headworks
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਹੈੱਡਵਰਕਸ ਦਾ ਕੀਤਾ ਦੌਰਾ
ਰੂਪਨਗਰ, 22 ਅਗਸਤ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਅੱਜ ਹੈੱਡਵਰਕਸ ਦਾ ਦੌਰਾ ਕੀਤਾ ਗਿਆ ਅਤੇ ਨਹਿਰੀ ਵਿਭਾਗ ਨੂੰ ਇਸਦੇ ਸੁੰਦਰੀਕਰਨ ਅਤੇ ਵਧੀਆ ਢੰਗ ਨਾਲ ਲਾਈਟਿੰਗ ਕਰਨ ਦੀ ਹਦਾਇਤ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਹੈੱਡਵਰਕਸ ਵਿਖੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਅਤੇ ਸੈਲਾਨੀ ਆਉਂਦੇ ਹਨ ਜਿਸ ਲਈ ਇਸ ਇਲਾਕੇ ਦਾ ਰੱਖ-ਰਖਾਅ ਅਤੇ ਸਾਂਭ ਸੰਭਾਲ ਕਰਨਾ ਲਾਜ਼ਮੀ ਹੈ ਅਤੇ ਨਹਿਰੀ ਵਿਭਾਗ ਇਸ ਥਾਂ ਦਾ ਹੋਰ ਸੁੰਦਰੀਕਰਨ ਕਰਨ ਲਈ ਤੁਰੰਤ ਪ੍ਰਸਤਾਵ ਪੇਸ਼ ਕਰੇ।
ਉਨ੍ਹਾਂ ਕਿਹਾ ਕਿ ਇਹ ਰੂਪਨਗਰ ਦੀ ਓਹ ਜਗ੍ਹਾ ਹੈ ਜਿੱਥੇ ਪੰਜਾਬ ਦੀ ਸਭ ਤੋਂ ਵੱਡੀ ਨਹਿਰ ਸਰਹੰਦ ਨਹਿਰ ਦੀ ਉਤਪੱਤੀ ਵੀ ਹੁੰਦੀ ਹੈ, ਇਥੇ ਹੀ ਰੋਜ਼ਾਨਾ ਸ਼ਹਿਰ ਵਾਸੀਆਂ ਵੱਲੋਂ ਛੁੱਟੀ ਦੇ ਦਿਨ ਪੂਰਾ ਲੁਫਤ ਉਠਾਇਆ ਜਾਂਦਾ ਹੈ, ਇਸ ਜਗ੍ਹਾ ਦੀ ਮਹੱਤਤਾ ਨੂੰ ਦੇਖਦਿਆਂ ਹੋਇਆਂ ਸ ਵਿੱਚ ਹੋਰ ਸੁਧਾਰ ਕੀਤੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਸੈਰ ਸਪਾਟੇ ਲਈ ਪ੍ਰੇਰਿਤ ਕੀਤਾ ਜਾ ਸਕੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਸਤਲੁੱਜ ਦਰਿਆ ਵਿਖੇ ਬੋਟਿੰਗ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਸੈਲਾਨੀਆਂ ਲਈ ਇਸ ਥਾਂ ਨੂੰ ਅੱਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਸੈਰ ਸਪਾਟੇ ਦੇ ਖ਼ੇਤਰ ਵਿੱਚ ਸਤਲੁੱਜ ਅਤੇ ਹੈੱਡਵਰਕਸ ਦੇ ਇਲਾਕੇ ਨੂੰ ਵਧੀਆ ਢੰਗ ਨਾਲ ਸਥਾਪਿਤ ਕੀਤਾ ਜਾਵੇ।
ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਮਹਾਰਾਜਾ ਰਣਜੀਤ ਸਿੰਘ ਪਾਰਕ ਦਾ ਵੀ ਦੌਰਾ ਕੀਤਾ ਗਿਆ ਅਤੇ ਇਸ ਪਾਰਕ ਦੀ ਸਾਂਭ ਸੰਭਾਲ ਲਈ ਵੀ ਅਧਿਕਾਰੀਆ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਰੂਪਨਗਰ ਸ਼ਹਿਰ ਕੁਦਰਤੀ ਤੌਰ ‘ਤੇ ਮਨਮੋਹਕ ਵਾਤਾਵਰਨ ਤੇ ਸੁੰਦਰਤਾ ਨਾਲ ਭਰਪੂਰ ਸ਼ਹਿਰ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸੈਰ ਸਪਾਟਾ ਵਜੋਂ ਵਿਕਸਤ ਕਰਨ ਲਈ ਪੰਜਾਬ ਸਰਕਾਰ ਤੋਂ ਜੋ ਵੀ ਸੰਭਵ ਸਹਲੂਤਾਂ ਹੋਣਗੀਆਂ ਮੁਹੱਈਆ ਕਰਵਾਕੇ ਇਸ ਨੂੰ ਸੈਰ ਸਪਾਟੇ ਨੂੰ ਹੋਰ ਜਿਆਦਾ ਪ੍ਰਫੁੱਲਤ ਕੀਤਾ ਜਾਵੇਗਾ।