Unannounced visit to District Jail Ropar by District and Sessions Judge Rupnagar
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਰੂਪਨਗਰ ਵੱਲੋਂ ਜ਼ਿਲ੍ਹਾ ਜੇਲ੍ਹ ਰੋਪੜ ਦਾ ਅਚਨਚੇਤ ਦੌਰਾ
ਰੂਪਨਗਰ, 30 ਜੁਲਾਈ: ਜੇਲ੍ਹ ਪ੍ਰਸਾਸ਼ਨ ਵੱਲੋਂ ਕੈਦੀਆਂ ਅਤੇ ਵਿਚਾਰ ਅਧੀਨ ਬੰਦੀਆਂ ਨੂੰ ਮੁਹੱਈਆ ਕਰਵਾਈਆ ਜਾ ਰਹੀਆਂ ਸਹੂਲਤਾਂ ਅਤੇ ਹੋਰ ਜੇਲ੍ਹ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ, ਸਹਿਤ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਵੱਲੋਂ ਅੱਜ ਜਿਲ੍ਹਾ ਜੇਲ੍ਹ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ, ਸੀ.ਜੇ.ਐਮ, ਹਿਮਾਂਸ਼ੀ ਗਲਹੋਤਰਾ, ਸੀ ਜੇ ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਅਸ਼ੀਸ਼ ਠਠਈ ਅਤੇ ਜੇ.ਐਮ.ਆਈ.ਸੀ ਸੁਸ਼ੀਲ ਬੋਧ ਵੀ ਹਾਜਰ ਸਨ।
ਇਸ ਦੌਰਾਨ ਸ਼ੈਸ਼ਨ ਜੱਜ਼ ਨੇ ਪੂਰੀ ਜੇਲ੍ਹ ਦਾ ਮੁਆਇਨਾ ਕੀਤਾ ਅਤੇ ਜੇਲ੍ਹ ਪ੍ਰਸਾਸ਼ਨ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਬੈਰਕਾਂ ਦਾ ਦੌਰਾ ਕਰਕੇ ਬੰਦੀਆਂ ਦਾ ਹਾਲ ਚਾਲ ਪੁੱਛਿਆ ਅਤੇ ਨਾਲ ਹੀ ਜਨਾਨਾਂ ਵਾਰਡ ਵਿੱਚ ਜਾ ਕੇ ਜੇਲ੍ਹ ਵਿੱਚ ਬੰਦ ਔਰਤਾਂ ਦੀਆਂ ਮੁਸ਼ਕਲਾ ਸੁਣੀਆਂ ਅਤੇ ਉਨ੍ਹਾਂ ਨੂੰ ਮੌਕੇ ਤੇ ਹੀ ਹੱਲ ਕਰਨ ਦਾ ਜੇਲ੍ਹ ਪ੍ਰਸਾਸ਼ਨ ਨੂੰ ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਨੇ ਖਾਸ ਤੌਰ ਤੇ ਜੇਲ੍ਹ ਵਿੱਚ ਬਣੇ ਹਸਪਤਾਲ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਜੇਲ੍ਹ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੁਆਰਾ ਜਿਲ੍ਹਾ ਜੇਲ੍ਹ ਵਿੱਚ ਲਗਾਏ ਗਏ ਚਮੜੀ ਦੇ ਮੈਡੀਕਲ ਚੈਕਅਪ ਕੈਂਪ ਦਾ ਜਾਇਜਾ ਵੀ ਲਿਆ। ਇਹ ਵਰਨਣਯੋਗ ਹੈ ਕਿ ਜਿਲ੍ਹਾ ਜੇਲ੍ਹ ਵਿੱਚ ਚਮੜੀ ਦਾ ਵਿਸ਼ੇਸ਼ ਮੈਡੀਕਲ ਚੈਕਅਪ ਕੈਂਪ ਸਿਵਲ ਹਸਪਤਾਲ, ਰੋਪੜ, ਰੋਟਰੀ ਕਲੱਬ, ਰੋਪੜ ਅਤੇ ਪ੍ਰਮਾਰ ਹਸਪਤਾਲ ਦੇ ਡਾਕਟਰਾਂ ਦੇ ਯੋਗਦਾਨ ਸਦਕਾ ਲਗਾਇਆ ਗਿਆ।
ਜੇਲ੍ਹ ਵਿੱਚ ਕੈਦੀਆਂ ਨੂੰ ਬਾਰਿਸ਼ਾਂ ਦੇ ਦਿਨਾਂ ਦੌਰਾਨ ਆ ਰਹੇ ਚਮੜੀ ਦੇ ਰੋਗਾਂ ਨਾਲ ਨਜਿੱਠਣ ਲਈ ਵਿਸ਼ੇਸ਼ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਕੈਦੀਆਂ ਨੂੰ ਮੌਕੇ ਤੇ ਹੀ ਵਧੀਆ ਦਵਾਈਆਂ ਦੇ ਕੇ ਉਨ੍ਹਾਂ ਦੀ ਬਿਮਾਰੀ ਦਾ ਇਲਾਜ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀ ‘ਰੁੱਖ ਲਗਾਓ ਮੁਹਿੰਮ’ ਜੋ ਕਿ 01.07.2024 ਤੋਂ 30.09.2024 ਤੱਕ ਚਲਣੀ ਹੈ, ਦੇ ਅੰਤਰਗਤ ਅੱਜ ਸਾਰੇ ਜੱਜ ਸਾਹਿਬਾਨ ਅਤੇ ਜੇਲ੍ਹ ਦੇ ਬਾਕੀ ਕਰਮਚਾਰੀਆਂ ਵੱਲੋਂ ਜੇਲ੍ਹ ਦੇ ਹਸਪਤਾਲ ਵਿੱਚ ਛਾਂਦਾਰ ਰੁੱਖ ਲਗਾਏ ਗਏ।
ਜਿਲ੍ਹਾ ਜੱਜ ਨੇ ਜੇਲ੍ਹ ਵਿੱਚ ਬਣੇ ਲੀਗਲ ਏਡ ਕਲੀਨਿਕ, ਜਿਸ ਦੁਆਰਾ ਬੰਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਦੇ ਰਿਕਾਰਡ ਦੀ ਪੜਤਾਲ ਵੀ ਕੀਤੀ ਅਤੇ ਜਰੂਰੀ ਨਿਰਦੇਸ਼ ਦਿੱਤੇ ਕਿ ਕੋਈ ਵੀ ਲੋੜਵੰਦ ਬੰਦੀ ਕਾਨੂੰਨੀ ਸਹਾਇਤਾ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਜੇਲ੍ਹ ਦੇ ਲੰਗਰ ਹਾਲ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਬਣ ਰਹੇ ਭੋਜਨ ਦਾ ਮੁਆਇਨਾ ਕੀਤਾ। ਉਨ੍ਹਾਂ ਦੱਸਿਆ ਕਿ ਬੰਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਅਤੇ ਜੇਲ੍ਹ ਪ੍ਰਬੰਧਾ ਨੂੰ ਨਿਯਮਾਂ ਮੁਤਾਬਿਕ ਚੁਸਤ ਦਰੁਸਤ ਰੱਖਣ ਲਈ ਅਜਿਹੇ ਦੌਰੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
ਇਸ ਮੌਕੇ ਉਤੇ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ, ਡਿਪਟੀ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਅਤੇ ਅਨਿਲ ਭੰਡਾਰੀ ਹਾਜ਼ਰ ਰਹੇ।