8 young people shortlisted in the placement camp
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪਲੇਸਮੈਂਟ ਕੈਂਪ ‘ਚ 8 ਨੌਜਵਾਨ ਸ਼ਾਰਟਲਿਸਟ
ਰੂਪਨਗਰ, 27 ਅਕਤੂਬਰ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਸੂਬਾ ਸਰਕਾਰ ਵੱਲੋਂ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਅਧੀਨ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਹਫਤਾਵਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਲਗਾਏ ਇੱਕ ਪਲੇਸਮੈਂਟ ਕੈਂਪ ਵਿੱਚ 11 ਉਮੀਦਵਾਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋ 8 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਸ਼ੇਅਰ ਇੰਡੀਆ ਦੀ ਕੰਪਨੀ ਦੇ ਨਿਯੋਜਕ ਵੱਲੋਂ ਸੈਂਟਰ ਮੈਨੇਜਰ ਦੀ ਅਸਾਮੀ ਸਬੰਧੀ ਇੰਟਰਵਿਊ ਲਈ ਗਈ।
ਉਨ੍ਹਾਂ ਦੱਸਿਆ ਕਿ ਸੈਂਟਰ ਮੈਨੇਜਰ ਦੀ ਅਸਾਮੀ ਦੇ ਇੰਟਰਵਿਊ ਲਈ ਯੋਗਤਾ ਘੱਟੋ-ਘੱਟ ਬਾਰਵੀਂ ਮੰਗੀ ਗਈ ਸੀ। ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਦੇ ਕੰਮ ਦਾ ਸਥਾਨ ਕੁਰਾਲੀ, ਸ਼੍ਰੀ ਅਨੰਦਪੁਰ ਸਾਹਿਬ, ਮਾਛੀਵਾੜਾ, ਸਰਹਿੰਦ ਅਤੇ ਗੜਸ਼ੰਕਰ ਹੋਵੇਗਾ। ਚੁਣੇ ਗਏ ਉਮੀਦਵਾਰ ਦੀ ਤਨਖਾਹ 12000 ਤੋਂ 15000 ਰੁਪਏ ਪ੍ਰਤੀ ਮਹੀਨਾ ਦੇ ਨਾਲ 2500/- ਰੁਪਏ ਪੈਟਰੋਲ ਅਤੇ ਇਨਸੈਂਟੀਵਜ਼ ਦਿੱਤੇ ਜਾਣਗੇ। ਸੈਂਟਰ ਮੈਨੇਜਰ ਦੀ ਅਸਾਮੀ ਲਈ ਕੰਪਨੀ ਦੇ ਵੱਲੋਂ ਰਿਹਾਇਸ਼ ਵੀ ਦਿੱਤੀ ਜਾਵੇਗੀ । ਇਸ ਕੈਂਪ ਵਿੱਚ 18 ਸਾਲ ਤੋਂ 30 ਸਾਲ ਤੱਕ ਸਿਰਫ ਪੁਰਸ਼ ਉਮੀਦਵਾਰਾਂ ਨੇ ਭਾਗ ਲਿਆ ਸੀ।
ਨਾਕਸ਼ੀ ਬੇਦੀ ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਇਨ੍ਹਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕੀਤਾ ਜਾ ਸਕਦਾ ਹੈ।