Conduct of State Lok Adalat at District Courts

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹਾ ਅਦਾਲਤਾਂ ਵਿਖੇ ਰਾਜ ਲੋਕ ਅਦਾਲਤ ਦਾ ਆਯੋਜਨ
* ਰਾਜ ਲੋਕ ਅਦਾਲਤ ਮੌਕੇ 69 ਮਾਮਲਿਆਂ ਦਾ ਨਿਪਟਾਰਾ ਤੇ 4 ਕਰੋੜ ਰੁਪਏ ਦੇ ਲਗਭਗ ਅਵਾਰਡ ਪਾਸ
ਰੂਪਨਗਰ, 21 ਅਕਤੂਬਰ: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਅਦਾਲਤ ਰੂਪਨਗਰ ਵਿਖੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਸ੍ਰੀਮਤੀ ਰਮੇਸ਼ ਕੁਮਾਰੀ ਦੀ ਅਗਵਾਈ ਹੇਠ ਰਾਜ ਲੋਕ ਅਦਾਲਤ ਲਗਾਈ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੈਸ਼ਨ ਜੱਜ ਰਮੇਸ਼ ਕੁਮਾਰੀ ਨੇ ਦੱਸਿਆ ਕਿ ਇਸ ਸਟੇਟ ਲੋਕ ਅਦਾਲਤ ਵਿੱਚ ਤਿੰਨ ਤਰ੍ਹਾਂ ਦੇ ਕੇਸ ਲਗਾਏ ਗਏ ਜਿਸ ਵਿਚ ਲੈਂਡ ਐਕਿਊਜੀਸ਼ਨ, ਮੋਟਰ ਵਹੀਕਲ ਐਕਸੀਡੈਂਟ ਕਲੇਮ ਅਤੇ ਪਰਿਵਾਰਿਕ ਝਗੜੇ ਆਦਿ ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਰਾਜ ਲੋਕ ਅਦਾਲਤ ਵਿੱਚ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿਖੇ ਕੁੱਲ 5 ਬੈਂਚ ਲਗਾਏ ਗਏ। ਇਹਨਾਂ ਵਿੱਚ ਸ਼੍ਰੀ ਸ਼ਾਮ ਲਾਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਬੀ.ਐੱਸ ਰਮਾਣਾ ਪ੍ਰਿੰਸੀਪਲ ਜੱਜ ਫੈਮਲੀ ਕੋਰਟ, ਸ਼੍ਰੀਮਤੀ ਪਾਰੁਲ ਜੇ.ਐੱਮ.ਆਈ.ਸੀ., ਦੇ ਬੈਂਚ ਰੋਪੜ ਵਿਖੇ ਲਗਾਏ ਗਏ ਅਤੇ ਸ੍ਰੀਮਤੀ ਸ਼ਵੇਤਾ ਠਾਕੁਰ ਜੇ.ਐੱਮ.ਆਈ.ਸੀ. ਨੰਗਲ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਜੇ.ਐੱਮ.ਆਈ.ਸੀ. ਦਾ ਇੱਕ-ਇੱਕ ਬੈਂਚ ਨੰਗਲ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਲਗਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਰਾਜ ਲੋਕ ਅਦਾਲਤ ਵਿੱਚ ਕੁੱਲ 139 ਮਾਮਲਿਆਂ ਦੀ ਸੁਣਵਾਈ ਕੀਤੀ ਗਈ ਜਿਨ੍ਹਾਂ ਵਿੱਚੋਂ 69 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਅਤੇ 4 ਕਰੋੜ ਰੁਪਏ ਦੇ ਲਗਭਗ ਅਵਾਰਡ ਪਾਸ ਕੀਤੇ ਗਏ।
ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਸ੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੂਰੇ ਰਾਜ ਵਿੱਚ ਲੋਕ ਅਦਾਲਤ ਲਗਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕ ਅਦਾਲਤਾਂ ਰਾਹੀਂ ਸਸਤਾ ਅਤੇ ਟਿਕਾਊ ਨਿਆਂ ਪ੍ਰਾਪਤ ਹੁੰਦਾ ਹੈ ਅਤੇ ਲੋਕ ਅਦਾਲਤ ਦੇ ਅਵਾਰਡ ਦੀ ਅੱਗੇ ਅਪੀਲ ਨਹੀਂ ਹੁੰਦੀ ਅਤੇ ਲੋਕ ਅਦਾਲਤਾਂ ਰਾਹੀਂ ਕੀਤੇ ਗਏ ਫੈਸਲੇ ਸਥਾਈ ਹੁੰਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ ਰੋਪੜ ਵਿਖੇ 9 ਦਸੰਬਰ 2023 ਨੂੰ ਆਯੋਜਿਤ ਕੀਤੀ ਜਾਵੇਗੀ।