Close

Yuva Utsav event by Nehru Yuva Kendra on March 4

Publish Date : 27/02/2023
Yuva Utsav event by Nehru Yuva Kendra on March 4

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਨਹਿਰੂ ਯੁਵਾ ਕੇਂਦਰ ਵੱਲੋਂ ਯੁਵਾ ਉਤਸਵ ਸਮਾਗਮ 4 ਮਾਰਚ ਨੂੰ

ਖੇਡ, ਯੁਵਾ ਮਾਮਲੇ, ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਹੋਣਗੇ ਮੁੱਖ ਮਹਿਮਾਨ

ਯੁਵਾ ਉਤਸਵ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆ

ਰੂਪਨਗਰ, 27 ਫਰਵਰੀ: ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਰੋਪੜ ਵੱਲੋ ਯੁਵਾ ਉਤਸਵ ਸਮਾਗਮ 4 ਮਾਰਚ ਨੂੰ ਸਰਕਾਰੀ ਕਾਲਜ ਰੋਪੜ ਵਿਖੇ ਕਰਵਾਇਆ ਜਾ ਰਿਹਾ ਹੈ ਜਿਸਦੇ ਮੁੱਖ ਮਹਿਮਾਨ ਖੇਡ, ਯੁਵਾ ਮਾਮਲੇ, ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਹੋਣਗੇ। ਇਸ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰ ਪਾਲ ਸਿੰਘ ਸੋਮਲ ਦੀ ਅਗਵਾਈ ਵਿੱਚ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਇਸ ਯੁਵਾ ਉਤਸਵ ਸਮਾਗਮ ਦਾ ਵਿਸ਼ਾ ਪੰਜ ਪ੍ਰਣ ਹੋਵੇਗਾ। ਇਹ ਪੰਜ ਪ੍ਰਣ ਹਨ ਵਿਕਸਤ ਭਾਰਤ ਦੇ ਨਿਰਮਾਣ ਦਾ ਟੀਚਾ, ਰਾਸ਼ਟਰੀ ਏਕਤਾ ਅਤੇ ਇੱਕਜੁੱਟਤਾ, ਗੁਲਾਮੀ ਜਾਂ ਬਸਤੀਵਾਦੀ ਮਾਨਸਿਕਤਾ ਨੂੰ ਦੂਰ ਕਰਨਾ, ਨਾਗਰਿਕਾਂ ਵਿੱਚ ਫਰਜ਼ ਦੀ ਭਾਵਨਾ, ਆਪਣੀ ਵਿਰਾਸਤ ‘ਤੇ ਮਾਣ ਕਰਨਾ।

ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ ਪੱਧਰ ਦਾ ਸਮਾਗਮ ਸਾਡੇ ਜ਼ਿਲ੍ਹੇ ਵਿੱਚ ਹੋ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਕੋਈ ਕਮੀ ਨਾ ਛੱਡੀ ਜਾਵੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਇਸ ਸਮਾਗਮ ਦੌਰਾਨ ਸਟਾਲਾਂ ਲਗਾਉਣ ਦੇ ਲਈ ਹਦਾਇਤ ਜਾਰੀ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਯੁਵਾ ਉਤਸਵ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆ। ਜਿਸ ਵਿੱਚ 15 ਤੋਂ 29 ਸਾਲ ਦੇ ਉਮਰ ਦੇ ਨੌਜਵਾਨ ਮੁੰਡੇ-ਕੁੜੀਆਂ ਭਾਗ ਲੈ ਸਕਦੇ ਹਨ। ਇਨ੍ਹਾਂ ਗਤੀਵਿਧੀਆਂ ਵਿੱਚ ਭਾਗ ਲੈਣ ਵਾਲਾ ਭਾਗੀਦਾਰ ਜ਼ਿਲ੍ਹਾ ਰੋਪੜ ਦਾ ਵਸਨੀਕ ਹੋਣਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆ ਜਿਵੇਂ ਕਿ ਪੇਂਟਿੰਗ ਮੁਕਾਬਲੇ, ਕਵਿਤਾ ਰਚਨਾ, ਫੋਟੋਗ੍ਰਾਫੀ, ਡੈਕਲਾਮੇਸ਼ਨ/ਭਾਸ਼ਣ ਮੁਕਾਬਲੇ, ਜ਼ਿਲ੍ਹਾ ਪੱਧਰੀ ਸੱਭਿਆਚਾਰਕ ਗਰੁੱਪ ਗਤੀਵਿਧੀਆਂ, (ਗਿੱਧਾ, ਭੰਗੜਾ)। ਇਨ੍ਹਾਂ ਗਤੀਵਿਧੀਆਂ ਲਈ ਡੈਕਲਾਮੇਸ਼ਨ/ਭਾਸ਼ਣ ਪ੍ਰਤੀਯੋਗਤਾ ਲਈ ਸਮਾਂ 07 ਮਿੰਟ, ਕਵਿਤਾ ਰਚਨਾ, ਫੋਟੋਗ੍ਰਾਫੀ ਅਤੇ ਪੇਂਟਿੰਗ ਲਈ ਸਮਾਂ 02 ਘੰਟੇ, ਸੱਭਿਆਚਾਰਕ ਗਰੁੱਪ ਗਤੀਵਿਧੀਆਂ ਲਈ ਵੱਧ ਤੋਂ ਵੱਧ 10 ਮਿੰਟ ਦਾ ਸਮਾਂ ਹੋਣਾ ਚਾਹੀਦਾ ਹੈ।

ਸਹਾਇਕ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਗਤੀਵਿਧੀਆਂ ਵਿੱਚ ਜਿੱਤਣ ਵਾਲੇ ਭਾਗੀਦਾਰਾਂ ਨੂੰ ਨਕਦ ਇਨਾਮ ਰਾਸ਼ੀ ਦਿੱਤੀ ਜਾਵੇਗੀ । ਇਸ ਵਿੱਚ ਪੇਂਟਿੰਗ ਮੁਕਾਬਲੇ, ਕਵਿਤਾ ਰਚਨਾ, ਫੋਟੋਗ੍ਰਾਫੀ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ ਕ੍ਰਮਵਾਰ 1000 ਰੁਪਏ, 750 ਰੁਪਏ, 500, ਡੈਕਲਾਮੇਸ਼ਨ/ਭਾਸ਼ਣ ਮੁਕਾਬਲੇ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ ਕ੍ਰਮਵਾਰ 5000 ਰੁਪਏ, 2000 ਰੁਪਏ, 1000 ਰੁਪਏ ਅਤੇ ਸੱਭਿਆਚਾਰਕ ਗਰੁੱਪ ਗਤੀਵਿਧੀਆਂ (ਗਿੱਧਾ, ਭੰਗੜਾ) ਵਿੱਚ ਕ੍ਰਮਵਾਰ 5000 ਰੁਪਏ, 2500 ਰੁਪਏ ਤੇ 1250 ਰੁਪਏ ਦਿਤੇ ਜਾਣਗੇ।

ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਜਾਂ ਭਾਗ ਲੈਣ ਲਈ ਨਹਿਰੂ ਯੁਵਾ ਕੇਂਦਰ ਰੋਪੜ ਦੇ ਦਫਤਰ ਜ਼ਿਲ੍ਹਾ ਆਫਿਸ, ਮਕਾਨ ਨੰਬਰ-57 ਨੇੜੇ ਇੰਡੀਅਨ ਬੈਂਕ ਕਲਗੀਧਰ ਮਾਰਕੀਟ ਰੋਪੜ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੀਟਿੰਗ ਵਿੱਚ ਨਹਿਰੂ ਯੁਵਾ ਕੇਂਦਰ ਤੋਂ ਕੋਆਰਡੀਨੇਟਰ ਸ਼੍ਰੀ ਪੰਕਜ ਯਾਦਵ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਰੁਪੇਸ਼ ਕੁਮਾਰ, ਮਹਾਤਮਾ ਗਾਂਧੀ ਨੈਸ਼ਨਲ ਫੈਲੋ ਸ਼੍ਰੀ ਰਾਮਕੇਸ਼ ਮੀਨਾ , ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਭਲਾਈ ਤੋਂ ਸ. ਮਨਤੇਜ ਸਿੰਘ ਚੀਮਾ, ਨੈਸ਼ਨਲ ਯੂਥ ਐਵਾਰਡੀ ਸ.ਸਤਨਾਮ ਸਿੰਘ ਸੱਤੀ, ਸਰਕਾਰੀ ਕਾਲਜ ਰੋਪੜ ਤੋਂ ਪ੍ਰੋ. ਨਿਰਮਲ ਬਰਾੜ ਤੇ ਹੋਰ ਅਧਿਕਾਰੀ ਹਾਜ਼ਰ ਸਨ।