258150 saplings were planted in district Rupnagar under various schemes during 2022-23 – Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹਾ ਰੂਪਨਗਰ ‘ਚ ਵੱਖ-ਵੱਖ ਸਕੀਮਾਂ ਤਹਿਤ 2022-23 ਦੌਰਾਨ 258150 ਪੌਦੇ ਲਗਾਏ ਗਏ – ਡਿਪਟੀ ਕਮਿਸ਼ਨਰ
ਸ਼ਹੀਦੇ-ਆਜ਼ਮ-ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਸਕੀਮ ਅਧੀਨ ਹਰ ਇਕ ਵਿਧਾਨ ਸਭਾ ਹਲਕੇ ‘ਚ 50,000 ਪੌਦੇ ਸਪਲਾਈ ਕੀਤੇ
ਗ੍ਰੀਨ ਪੰਜਾਬ ਮਿਸ਼ਨ ਸਕੀਮ ਅਧੀਨ 10000 ਪੌਦੇ, 14 ਨਾਨਕ ਬਗੀਚੀਆਂ ਅਤੇ 5 ਪਵਿੱਤਰ ਵਣ ਲਗਾਏ
ਰੂਪਨਗਰ, 3 ਫਰਵਰੀ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਣ ਮੰਡਲ ਰੂਪਨਗਰ ਅਧੀਨ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਸਾਲ 2022-23 ਦੌਰਾਨ ਪਨਕੈਪਾ, ਸੀ.ਏ. ਅਤੇ ਅਡੀਸ਼ਨਲ ਸੀ.ਏ. ਸਕੀਮਾ ਅਧੀਨ ਕੁੱਲ 462.52 ਹੈਕਟੇਅਰ ਰਕਬੇ ਵਿੱਚ 258150 ਪੌਦੇ ਲਾਉਣ ਦਾ ਕੰਮ ਕਰਵਾਇਆ ਗਿਆ ਹੈ।
ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਅਧੀਨ ਚਾਰ ਵਣ ਰੇਂਜਾਂ ਰੂਪਨਗਰ, ਨੂਰਪੁਰਬੇਦੀ, ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਚਮਕੌਰ ਸਾਹਿਬ ਦਾ ਸਾਰਾ ਰਕਬਾ ਪੈਦਾ ਹੈ। ਉਨ੍ਹਾਂ ਦੱਸਿਆ ਕਿ ਗ੍ਰੀਨ ਇੰਡੀਆ ਮਿਸ਼ਨ ਸਕੀਮ ਅਧੀਨ ਕੁੱਲ 300 ਹੈਕਟੇਅਰ ਰਕਬਾ ਪਲਾਟੇਸ਼ਨ ਲਈ ਲਿਆ ਗਿਆ ਹੈ, ਜਿਸ ਵਿੱਚੋ 225 ਹੈਕਟੇਅਰ ਰਕਬੇ ਵਿੱਚ ਪੌਦੇ ਲਗਾਉਣ ਵਾਲੇ ਕੰਪੇਨੈਂਟ ਅਧੀਨ 45000 ਪੌਦੇ ਲਗਾਏ ਗਏ ਹਨ ਅਤੇ 75 ਹੈਕਟੇਅਰ ਰਕਬਾ ਬਿਨਾਂ ਪੌਦਿਆਂ ਤੋਂ ਕੰਪੋਨੈਟ ਅਧੀਨ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ 3 ਵਿਧਾਨ ਸਭਾ ਹਲਕੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗ੍ਰੀਨ ਪੰਜਾਬ ਮਿਸ਼ਨ ਤਹਿਤ ਸ਼ਹੀਦੇ-ਆਜ਼ਮ-ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਸਕੀਮ ਅਧੀਨ ਹਰ ਇਕ ਵਿਧਾਨ ਸਭਾ ਹਲਕੇ ਵਿੱਚ 50,000 ਪੌਦੇ ਸਪਲਾਈ ਕਰਨ ਦਾ ਟੀਚਾ ਰੱਖਿਆ ਗਿਆ ਸੀ। ਜਿਸ ਨੂੰ ਮੁੱਖ ਰੱਖਦੇ ਹੋਏ ਰੂਪਨਗਰ ਜ਼ਿਲ੍ਹੇ ਵਿੱਚ ਕੁੱਲ 1,50,000 ਪੌਦੇ ਇਸ ਸਕੀਮ ਤਹਿਤ ਸਪਲਾਈ ਕੀਤੇ ਗਏ ਹਨ। ਜਿਸ ਵਿੱਚ ਮੁੱਖ ਤੋਰ ਤੇ ਅੰਬ, ਜਾਮਣ, ਸ਼ੀਸ਼ਮ, ਨਿੰਮ, ਡੇਕ, ਤੁਣ, ਸਾਗਵਾਨ, ਸਰੀਂਹ, ਅਮਰੂਦ, ਕਿੰਨੂ ਆਦਿ ਕਿਸਮਾ ਦੇ ਪੌਦੇ ਸਪਲਾਈ ਕੀਤੇ ਗਏ ਹਨ ਅਤੇ ਵੱਖ-ਵੱਖ ਪਿੰਡਾ ਦੀਆਂ ਪੰਚਾਇਤਾ, ਸੰਸਥਾਵਾ, ਕਲੱਬ ਅਤੇ ਵਾਤਾਵਰਣ ਪ੍ਰੇਮੀਆਂ ਨਾਲ ਮਿਲ ਕੇ ਵੱਖ- ਵੱਖ ਕਿਸਮਾਂ ਦੇ ਪੌਦੇ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਕੁੱਲ 345 ਤ੍ਰਿਵੈਣੀਆਂ ਲਗਾਈਆ ਗਈਆ ਹਨ। ਇਸ ਤੋ ਇਲਾਵਾ ਗ੍ਰੀਨ ਪੰਜਾਬ ਮਿਸ਼ਨ ਸਕੀਮ ਅਧੀਨ 10 ਹੈਕਟੇਅਰ ਇੰਸਟੀਟਿਊਸ਼ਨਲ ਲੈਂਡ ਵਿੱਚ 10000 ਪੌਦੇ ਲਗਾਏ ਗਏ ਹਨ ਅਤੇ 14 ਨਾਨਕ ਬਗੀਚੀਆਂ,ਅਤੇ 5 ਪਵਿੱਤਰ ਵਣ ਲਗਾਏ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ 160 ਹੈਕਟੇਅਰ ਰਕਬੇ ਵਿੱਚ ਪਲਾਟੇਸ਼ਨ ਕੀਤੀ ਗਈ ਹੈ ਅਤੇ 24000 ਪੌਦੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਲ 2022-23 ਦੌਰਾਨ ਇਸ ਸਕੀਮ ਅਧੀਨ ਵੱਖ-ਵੱਖ ਨਰਸਰੀਆ ਵਿੱਚ ਕੁੱਲ 280000 ਪੌਦੇ ਤਿਆਰ ਕੀਤੇ ਜਾ ਰਹੇ ਹਨ।