The employees of all the departments of the Secretariat took an oath to follow the traffic rules
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਸਕੱਤਰੇਤ ਦੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁਕਾਈ
ਰੂਪਨਗਰ, 9 ਦਸੰਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਸਕੱਤਰੇਤ ਦੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁਕਾਈ ਗਈ ਅਤੇ ਸਮੂਹ ਹਾਜ਼ਰੀਨ ਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰੋਡ ਸੇਫਟੀ ਦੀ ਪਾਲਣਾ ਕਰਨੀ ਜਿੰਨੀ ਹੋਰਾਂ ਦੀ ਜ਼ਿੰਮੇਵਾਰੀ ਹੈ ਓਨੀਂ ਸਾਡੀ ਖੁਦ ਦੀ ਵੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੜਕ ‘ਤੇ ਵਾਹਨ ਚਲਾਉਣ ਤੋਂ ਪਹਿਲਾਂ ਸਾਰੀਆਂ ਸੁਰੱਖਿਆ ਸਬੰਧੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਵਾਜਾਈ ਨਿਯਮਾਂ ਦੀ ਹਮੇਸ਼ਾਂ ਪਾਲਣਾ ਕਰਨੀ ਸਾਨੂੰ ਆਪਣੇ ਤੇ ਆਪਣੇ ਪਰਿਵਾਰ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਪਰਿਵਾਰਕ ਮੈਂਬਰ ਸਾਡੀ ਹਮੇਸ਼ਾ ਘਰ ਦੇ ਵਿੱਚ ਇੰਤਜ਼ਾਰ ਕਰ ਰਹੇ ਹੁੰਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਵਜਾਈ ਦੌਰਾਨ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ ਸਾਡੀ ਛੋਟੀ ਜਿਹੀ ਅਣਗਿਹਲੀ ਨਾਲ ਵੀ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਇਵੇਂ ਅਸੀਂ ਆਪਣੇ ਸਮੇਤ ਬੇਕਸੂਰ ਲੋਕਾਂ ਨੂੰ ਵੀ ਹਾਦਸਿਆਂ ਦਾ ਸ਼ਿਕਾਰ ਬਣਾ ਲੈਂਦੇ ਹਾਂ।
ਉਨ੍ਹਾਂ ਕਿਹਾ ਕਿ ਸਾਨੂੰ ਸਫਰ ਸਮੇਂ ਸੁਰੱਖਿਆ ਦੇ ਪੂਰੇ ਪ੍ਰਬੰਧ ਕਰਕੇ ਚਲਣਾ ਚਾਹੀਦਾ ਹੈ ਹਰ ਇੱਕ ਵਿਅਕਤੀ ਆਪਣੇ ਵਾਹਨ ਵਿੱਚ ਇਸ ਫਸਟ ਏਡ ਕਿੱਟ ਜ਼ਰੂਰ ਰੱਖੇ ਤਾਂ ਜੋ ਕਿਸੇ ਅਮਰਜੈਂਸੀ ਦੇ ਸਮੇਂ ਅਸੀਂ ਆਪਣੀਆਂ ਮੁੱਢਲੀ ਸਹਾਇਤਾ ਕਰ ਸਕੀਏ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹਾਦਸਾਗ੍ਰਤ ਮਿਲਦਾ ਹੈ ਤਾਂ ਉਸ ਜਿੰਨੀ ਹੋ ਸਕੇ ਉਨੀ ਮੱਦਦ ਜ਼ਰੂਰ ਕਰਨੀ ਚਾਹੀਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਹਰਜੋਤ ਕੌਰ, ਸਹਾਇਕ ਕਮਿਸ਼ਨਰ ਸ਼੍ਰੀ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀਮਤੀ ਅਨਮਜੋਤ ਕੌਰ, ਐੱਸਪੀ ਸ. ਰਾਜਪਾਲ ਸਿੰਘ ਹੁੰਦਲ, ਜ਼ਿਲ੍ਹਾ ਮਾਲ ਅਫ਼ਸਰ ਸ. ਗੁਰਦੇਵ ਸਿੰਘ ਧੰਮ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।