Arshpreet Kaur, a student of village Katlaur, was honored by the Deputy Commissioner
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਡਿਪਟੀ ਕਮਿਸ਼ਨਰ ਵੱਲੋਂ ਪਿੰਡ ਕਤਲੌਰ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਦਾ ਸਨਮਾਨ
ਅਰਸ਼ਪ੍ਰੀਤ ਕੌਰ ਵਲੋਂ ਫ਼ਸਲਾਂ ਦੀ ਰਹਿੰਦ ਖੂਹੰਦ ਨਾ ਸਾੜਨ ਲਈ ਪ੍ਰੇਰਿਤ ਕਰਦੀ ਸੁਣਾਈ ਕਵਿਤਾ ਦੀ ਭਰਵੀਂ ਸ਼ਲਾਘਾ
ਸ੍ਰੀ ਚਮਕੌਰ ਸਾਹਿਬ, 02 ਨਵੰਬਰ
ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਤੇ ਇਸ ਬਾਬਤ ਲੋਕਾਂ ਵੱਲੋਂ ਵੀ ਸਹਿਯੋਗ ਮਿਲ ਰਿਹਾ ਹੈ ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਹੰਭਲਾ ਪਿੰਡ ਕਤਲੌਰ ਦੀ ਬੱਚੀ, ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ, ਕਤਲੌਰ ਵਿਚ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਬਹੁਤ ਹੀ ਸੋਹਣੀ ਕਵਿਤਾ ਸੁਨਾਉਣ ਦੇ ਰੂਪ ਵਿਚ ਮਾਰਿਆ।
ਪਿੰਡ ਕਤਲੌਰ ਵਿਖੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੇ ਸਨਮਾਨ ਲਈ ਕਰਵਾਏ ਸਮਾਗਮ ਦੌਰਾਨ ਅਰਸ਼ਪ੍ਰੀਤ ਨੇ ਬਹੁਤ ਹੀ ਭਾਵਪੂਰਨ ਢੰਗ ਨਾਲ ਕਵਿਤਾ, ” ਜਦੋਂ ਪਰਾਲੀ ਅਸੀਂ ਜਲਾਉਂਦੇ ਹਾਂ, ਅੱਗ ਦੀਆਂ ਲਪਟਾਂ ਅਸਮਾਨੀ ਚੜ੍ਹਾਉਨੇ ਆ” ਸੁਣਾਈ, ਜਿਸ ਨੇ ਸਭ ਦਾ ਧਿਆਨ ਖਿੱਚਿਆ। ਬੱਚੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪਰਾਲੀ ਨਾ ਸਾੜਨ ਦਾ ਸੁਨੇਹਾ ਦਿੱਤਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਸ ਬੱਚੀ ਦੀ ਉਚੇਚੇ ਤੌਰ ਉੱਤੇ ਸ਼ਲਾਘਾ ਕਰਦਿਆਂ ਬੱਚੀ ਦਾ ਵਿਸ਼ੇਸ ਤੌਰ ਉੱਤੇ ਸਨਮਾਨ ਕੀਤਾ ਤੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ ਕਿਹਾ ਕਿ ਅਰਸ਼ਪ੍ਰੀਤ ਲੋਕਾਂ ਨੂੰ ਜਾਗਰੂਕ ਕਰਨਾ ਇਸੇ ਤਰ੍ਹਾਂ ਜਾਰੀ ਰੱਖੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚੀ ਨੇ ਜਿਹੜਾ ਸੁਨੇਹਾ ਦਿੱਤਾ ਹੈ ਇਸ ਨੂੰ ਵੱਡੇ ਪੱਧਰ ਉੱਤੇ ਅਮਲ ਵਿੱਚ ਲਿਆ ਕੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿਖ ਮਹਿਫੂਜ਼ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਜੇ ਬੱਚਿਆਂ ਦੇ ਨਾਲ ਨਾਲ ਮਾਪੇ ਵੀ ਜਾਗਰੂਕ ਹੋ ਗਏ ਤਾਂ ਇਸ ਮੁਹਿੰਮ ਨੂੰ ਵੱਡੇ ਪੱਧਰ ਉੱਤੇ ਕਾਮਯਾਬੀ ਮਿਲੇਗੀ, ਜਿਵੇਂ ਪਿੰਡ ਕਤਲੌਰ ਵਿਚ ਕਾਮਯਾਬੀ ਮਿਲੀ ਹੈ, ਜਿੱਥੇ ਇਕ ਵੀ ਕਿਸਾਨ ਨੇ ਪਰਾਲੀ ਨਹੀਂ ਸਾੜੀ।