The work of planting saplings in the villages continues on war footing: Dr. Preeti Yadav
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਪਿੰਡਾਂ ਵਿੱਚ ਬੂਟੇ ਲਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ: ਡਾ. ਪ੍ਰੀਤੀ ਯਾਦਵ
ਡਿਪਟੀ ਕਮਿਸ਼ਨਰ ਨੇ ਵਖੋ ਵੱਖ ਪਿੰਡਾਂ ਵਿਚ ਬੂਟੇ ਲਾਉਣ ਦੇ ਕੰਮ ਦਾ ਲਿਆ ਜਾਇਜ਼ਾ
ਅਧਿਕਾਰੀਆਂ ਨੂੰ ਕੰਮ ਸਮਾਂਬੱਧ ਢੰਗ ਨਾਲ ਪੂਰੇ ਕਰਨ ਦੀਆਂ ਹਦਾਇਤਾਂ
ਪਿੰਡ ਸਲੇਮਪੁਰ ਵਿਖੇ ਸੀਚੇਵਾਲ ਪ੍ਰੋਜੈਕਟ ਦਾ ਵੀ ਕੀਤਾ ਨਰੀਖਣ
ਸ੍ਰੀ ਚਮਕੌਰ ਸਾਹਿਬ, 07 ਸਤੰਬਰ
ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਤੇ ਸਾਫ ਸੁਥਰਾ ਵਾਤਾਵਰਨ ਸਿਰਜਣ ਦੇ ਮਕਸਦ ਨਾਲ ਪਿੰਡਾਂ ਵਿਚ ਬੂਟੇ ਲਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ ਤੇ ਇਹਨਾਂ ਦੀ ਸੰਭਾਲ ਵੱਲ ਵੀ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿੰਡ ਸਲੇਮਪੁਰ, ਮਕੜੌਨਾਂ ਕਲਾਂ, ਬਲਰਾਮਪੁਰ, ਹਫਿਜ਼ਾਬਾਦ ਅਤੇ ਫ਼ਤਹਿਪੁਰ ਵਿਖੇ ਚੱਲ ਰਹੇ ਬੂਟੇ ਲਾਉਣ ਦੇ ਕੰਮਾਂ ਦਾ ਜਾਇਜ਼ਾ ਲੈਣ ਮੌਕੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪਿੰਡ ਸਲੇਮਪੁਰ ਵਿਖੇ ਪਿੰਡ ਦੇ ਗੰਦੇ ਪਾਣੀ ਨੂੰ ਸਾਫ ਕਰ ਕੇ ਖੇਤੀ ਲਈ ਵਰਤੇ ਜਾਣ ਲਈ ਲਾਏ ਸੀਚੇਵਾਲ ਮਾਡਲ ਪ੍ਰੋਜੈਕਟ ਦਾ ਨਰੀਖਣ ਵੀ ਕੀਤਾ ਤੇ ਪਿੰਡ ਬਲਰਾਮਪੁਰ ਵਿਖੇ ਖੇਡ ਮੈਦਾਨ ਦਾ ਜਾਇਜ਼ਾ ਵੀ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਵਿਚ ਮਨਰੇਗਾ ਅਧੀਨ ਬੂਟੇ ਲਾਉਣ ਦਾ ਕੰਮ ਚੱਲ ਰਿਹਾ ਹੈ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਤੈਅ ਸਮੇਂ ਵਿੱਚ ਬੂਟੇ ਲਾਉਣ ਦਾ ਕੰਮ ਮੁਕੰਮਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਨਾਲ ਪਿੰਡਾਂ ਦੇ ਵਿਕਾਸ ਸਬੰਧੀ ਜਿਹੜੇ ਵੀ ਪ੍ਰੋਜੈਕਟ ਚੱਲ ਰਹੇ ਹਨ, ਉਹਨਾਂ ਨੂੰ ਵੀ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਵੇ।
ਉਹਨਾਂ ਕਿਹਾ ਕਿ ਬੂਟੇ ਲਾਉਣ ਦੇ ਨਾਲ ਨਾਲ ਇਹਨਾਂ ਦੀ ਸੰਭਾਲ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਵੇ ਤਾਂ ਜੋ ਇਹ ਬੂਟੇ ਸੰਘਣੇ ਰੁੱਖ ਬਣ ਜਾਣ ਤੇ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਸਾਫ ਵਾਤਾਵਰਨ ਵਿਚ ਜ਼ਿੰਦਗੀ ਬਤੀਤ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਉਹਨਾਂ ਦੀ ਸੰਭਾਲ ਵੀ ਕਰਨ। ਉਹਨਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ. ਹਰਕੀਰਤ ਸਿੰਘ, ਏ.ਪੀ.ਓ. ਸੁਖਵੀਰ ਸਿੰਘ ਸਮੇਤ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ ਤੇ ਪਤਵੰਤੇ ਹਾਜ਼ਰ ਸਨ।