The Deputy Commissioner hoisted the national flag

ਅਜ਼ਾਦੀ ਦਿਹਾੜੇ ਸਬੰਧੀ ਨਹਿਰੂ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ
ਜ਼ਿਲ੍ਹਾ ਲੋਕ ਸੰਪਰਕ ਦਫਤਰ, ਰੂਪਨਗਰ
ਅਜ਼ਾਦੀ ਦਿਹਾੜੇ ਸਬੰਧੀ ਨਹਿਰੂ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ
ਡਿਪਟੀ ਕਮਿਸ਼ਨਰ ਨੇ ਲਹਿਰਾਇਆ ਕੌਮੀ ਝੰਡਾ
ਲੋੜਵੰਦਾਂ ਨੂੰ ਟਰਾਈਸਾਈਕਲ ਤੇ ਸਿਲਾਈ ਮਸ਼ੀਨਾਂ ਦਿੱਤੀਆਂ
ਜ਼ਿਲ੍ਹੇ ਵਿੱਚ 07 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ
ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ 75,000 ਬੂਟੇ ਲਗਾਏ
ਸਮਾਗਮ ਮੌਕੇ ਰੱਸਾ ਕਸ਼ੀ ਦੇ ਮੁਕਾਬਲੇ ਵੀ ਕਰਵਾਏ
ਰੂਪਨਗਰ, 15 ਅਗਸਤ:
ਆਜ਼ਾਦੀ ਦਿਹਾੜੇ ਸਬੰਧੀ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਨਿਭਾਈ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਅੱਜ ਦੇਸ਼ ਦੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਤੇ ਇਸ ਸਬੰਧੀ ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣੇ ਸਾਡੇ ਸਭ ਲਈ ਬੜੇ ਮਾਣ ਵਾਲੀ ਗੱਲ ਹੈ ਅਤੇ ਇਸੇ ਲਈ ਇਸ ਸਾਲ ਨੂੰ “ਆਜ਼ਾਦੀ ਦਾ ਅੰਮ੍ਰਿਤ ਮਹੋਤਸਵ” ਵਜੋਂ ਮਨਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਆਜ਼ਾਦੀ ਸੌਖਿਆ ਨਹੀਂ ਮਿਲੀ। ਵੱਖ-ਵੱਖ ਲਹਿਰਾਂ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ‘ਤੇ ਆਰੰਭੇ ਗਏ ਸੰਘਰਸ਼ਾਂ ਸਦਕਾ ਹੀ ਅਜ਼ਾਦੀ ਮਿਲੀ।
ਸ਼ਹੀਦ ਭਗਤ ਸਿੰਘ ਵੱਲੋਂ ਜਿਸ ਤਰ੍ਹਾਂ ਦੇ ਦੇਸ਼ ਦੀ ਕਲਪਨਾ ਕੀਤੀ ਸੀ ਅਤੇ ਇਸ ਸੁਪਨੇ ਨੂੰ ਸੱਚ ਕਰਨ ਲਈ ਡਾ: ਬੀ ਆਰ ਅੰਬਦੇਕਰ ਨੇ ਜੋ ਸਾਨੂੰ ਸੰਵਿਧਾਨ ਘੜ ਕੇ ਦਿੱਤਾ ਸੀ, ਉਸੇ ਤੋਂ ਸੇਧ ਲੈਕੇ ਪੰਜਾਬ ਅੱਗੇ ਵੱਧ ਰਿਹਾ ਹੈ।
ਸਿੱਖਿਆ ਅਤੇ ਸਿਹਤ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਸਰਕਾਰ ਵੱਲੋਂ ਇਸ ਸਾਲ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ। ਇਸ ਤਹਿਤ ਪਿੰਡ ਸਿੰਘ-ਭਗਵੰਤਪੁਰ ਵਿਚ ਅਤਿ ਆਧੁਨਿਕ ਲਾਈਬ੍ਰੇਰੀ ਬਣਾਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਾਡਾ ਟੀਚਾ ਹੈ ਕਿ ਪਿੰਡ-ਪਿੰਡ ਇਸ ਤਰਾਂ ਦੇ ਗਿਆਨ ਦੇ ਸੋਮੇ ਸਥਾਪਿਤ ਕਰੀਏ।
ਅੱਜ ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਉੱਤੇ ਰਾਜ ਵਿਚ 75 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਰੂਪਨਗਰ ਜ਼ਿਲ੍ਹੇ ਵਿਚ ਵੀ ਅੱਜ ਇਹ 7 ਕਲੀਨਿਕ ਲੋਕ ਸਮਰਪਿਤ ਹੋ ਰਹੇ ਹਨ। ਇੱਥੋਂ ਲੋਕਾਂ ਨੂੰ ਮੁਫ਼ਤ ਦਵਾਈਆਂ ਅਤੇ ਟੈਸਟਾਂ ਦੀ ਸਹੂਲਤ ਮਿਲੇਗੀ।
ਚੰਗੀ ਸਿਹਤ ਲਈ ਜਿੱਥੇ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਉਥੇ ਹੀ ਰੂਪਨਗਰ ਜ਼ਿਲ੍ਹੇ ਵਿਚ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ 1.5 ਲੱਖ ਬੂਟੇ ਲਗਾਉਣ ਦਾ ਟੀਚਾ ਹੈ, ਜਿਸ ਵਿੱਚੋਂ 75,000 ਬੂਟੇ ਲਗਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ “ਪਨ-ਕੈਂਪ ਸਕੀਮ” ਤਹਿਤ 2 ਲੱਖ 54 ਹਜ਼ਾਰ ਬੂਟਿਆਂ ਦੇ ਟੀਚੇ ਵਿੱਚੋਂ 2 ਲੱਖ 29 ਹਜ਼ਾਰ ਬੂਟੇ ਲਗਾ ਦਿੱਤੇ ਗਏ ਹਨ। ਜੰਗਲਾਤ ਵਿਭਾਗ ਵਲੋਂ ਜ਼ਿਲ੍ਹੇ ਵਿੱਚ 350 ਦੇ ਕਰੀਬ “ਤ੍ਰਿਵੇਣੀਆਂ ਵੀ ਲਗਾਈਆਂ ਜਾ ਰਹੀਆਂ ਹਨ ਅਤੇ ਗਰੀਨ ਇੰਡਿਆ ਮਿਸ਼ਨ” ਤਹਿਤ 4500 ਬੂਟੇ ਲਗਾਏ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ਉੱਤੇ ਵਿਦਿਆਰਥੀਆਂ ਨੂੰ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਲਾਸਟਿਕ ਦੀ ਵਰਤੋਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਲਾਸਟਿਕ ਦੇ ਲਿਫਾਫਿਆਂ ਨੂੰ ਤਿਆਗ ਕੇ ਮੁੜ ਤੋਂ ਕੱਪੜੇ ਅਤੇ ਜੂਟ ਤੋਂ ਬਣੇ ਥੈਲਿਆਂ ਦੀ ਵਰਤੋਂ ਸ਼ੁਰੂ ਕੀਤੀ ਜਾਵੇ। ਉਹਨਾਂ ਦੱਸਿਆ ਕਿ ਜਿੱਥੇ ਰੋਪੜ ਸ਼ਹਿਰ ਵਿੱਚੋਂ ਲੰਘਦੀ ਸਰਹੰਦ ਨਹਿਰ ਦੇ ਸੁੰਦਰੀਕਰਨ ਲਈ ਇੱਕ ਤਜ਼ਵੀਜ਼ ਕੀਤੀ ਜਾ ਰਹੀ ਪ੍ਰਾਜੈਕਟ ਹੈ ਓਥੇ ਹੀ ਆਮ ਲੋਕਾਂ ਦੀ ਸਹੂਲਤ ਲਈ ਬਾਈਪਾਸ ਉੱਤੇ ਆਧੁਨਿਕ ਬੱਸ ਸਟੈਂਡ ਬਣਾਇਆ ਜਾ ਰਿਹਾ ਹੈ, ਜਿਸ ਨੂੰ ਅਗਲੇ ਸਾਲ ਲੋਕ ਅਰਪਣ ਕਰ ਦਿੱਤਾ ਜਾਵੇਗਾ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਦਿਆਂ ਸੇਵਾ ਕੇਂਦਰਾਂ ਵਿੱਚ 122 ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਬਿਨਾਂ ਸੇਵਾ ਕੇਂਦਰ ਹੁਣ ਹਫਤੇ ਦੇ ਸਾਰੇ ਦਿਨ ਖੁੱਲ੍ਹਦੇ ਹਨ ਤਾਂ ਜੋ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਿਚ ਕੋਈ ਦਿੱਕਤ ਨਾ ਆਵੇ।
ਨੌਜਵਾਨ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਨਸ਼ਿਆਂ ਜਿਹੀ ਮਾੜੀ ਅਲਾਮਤ ਤੋਂ ਬਚਾ ਕੇ ਹੁਨਰ ਸਿਖਲਾਈ ਲਈ 19 ਨਵੀਂਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਇਸੇ ਮੰਤਵ ਨੂੰ ਹਾਸਿਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਨਸ਼ਾ ਪੀੜਤਾਂ ਦੀ ਮਦਦ ਕਰਨ ਲਈ ਪ੍ਰਾਜੈਕਟ “ਉਮੀਦ” ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਹਰ ਹਫਤੇ 2 ਪਲੈਸਮੈਂਟ ਕੈਂਪ ਤੇ ਕਾਊਂਸਲਿੰਗ ਕੈਂਪ ਵੀ ਲਗਾਏ ਜਾਂਦੇ ਹਨ।
ਪੰਜਾਬ ਸਰਕਾਰ 29 ਅਗਸਤ, 2022 ਤੋਂ ਪੰਜਾਬ ਭਰ ਵਿੱਚ ਪੇਂਡੂ ਖੇਡ ਮੇਲੇ ਕਰਵਾਉਣ ਜਾ ਰਹੀ ਹੈ। ਇਸ ਨਾਲ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਤੇ ਅੱਗੇ ਵਧਣ ਦਾ ਮੌਕਾ ਵੀ ਮਿਲੇਗਾ।
ਦੇਸ਼ ਦੀ ਅਜ਼ਾਦੀ ਤੋਂ ਬਾਅਦ ਕਿਸਾਨ ਹੀ ਸਨ ਜਿਨ੍ਹਾਂ ਨੇ ਮੁਲਕ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਬਣਾਇਆ। ਇਸੇ ਲਈ ਹੁਣ ਪੰਜਾਬ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਜਿੱਥੇ ਮੂੰਗੀ ਦੀ ਫਸਲ ‘ਤੇ ਐਮ.ਐਸ.ਪੀ ਦਿੱਤੀ ਗਈ, ਉੱਥੇ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇ ਕੇ ਉਨ੍ਹਾਂ ਨੇ ਪੰਜਾਬ ਦੇ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਵੀ ਵੱਡਾ ਕਦਮ ਚੁੱਕਿਆ ਹੈ।
ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਲਈ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਫਸਲੀ ਵਿਭਿੰਨਤਾ ਯੋਜਨਾ ਨਾਲ ਜੁੜਨ ਅਤੇ ਪਰਾਲੀ ਸਾੜਨ ਦੀ ਪ੍ਰਥਾ ਬੰਦ ਕਰਕੇ ਵਾਤਾਵਰਨ ਦੇ ਰਾਖੇ ਬਣਨ। ਉਨ੍ਹਾਂ ਨੇ ਸਾਰੇ ਮਹਾਨ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹੋਏ, ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕੀਤੀ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਵਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ।
ਸਮਾਗਮ ਦੌਰਾਨ ਡੀ.ਐਸ.ਪੀ. ਤਲਵਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੁਕੜੀਆਂ ਵਲੋਂ ਸਲਾਮੀ ਦਿੱਤੀ ਗਈ, ਜਿਸ ਵਿਚ ਪੰਜਾਬ ਪੁਲਿਸ ਪੁਰਸ਼, ਪੰਜਾਬ ਪੁਲਿਸ ਮਹਿਲਾ, ਪੰਜਾਬ ਹੋਮ ਗਾਰਡਜ਼, ਵੱਖ-ਵੱਖ ਸਕੂਲਾਂ ਅਤੇ ਬੈਂਡ ਦੀ ਟੁਕੜੀਆਂ ਵਲੋਂ ਮਾਰਚ ਪਾਸਟ ਵਿਚ ਹਿੱਸਾ ਲਿਆ ਗਿਆ। ਇਸ ਉਪਰੰਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕੋਰੀਓਗ੍ਰਆਫੀ, ਡਾਂਸ ਅਤੇ ਗਿੱਧਾ ਆਦਿ ਰੰਗਾ-ਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਦੇ ਨਾਲ ਨਾਲ ਲੋੜਵੰਦਾਂ ਨੂੰ ਟਰਾਈਸਾਈਕਲ ਤੇ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦਾ ਸਨਮਾਨ ਵੀ ਕੀਤਾ ਗਿਆ। ਸ਼ਿਵਾਲਿਕ ਸਕੂਲ ਅਤੇ ਦੀਵਆਂਗਜਨ ਬੱਚਿਆਂ ਵਲੋਂ ਰਾਸ਼ਟਰੀ ਗਾਣ ਕੀਤਾ ਗਿਆ।
ਇਸ ਮੌਕੇ ਰੱਸਾ ਕਸ਼ੀ ਤੇ ਰਿਲੇਅ ਰੇਸ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿਚ ਸਿਵਲ ਪ੍ਰਸ਼ਾਸਨ ਤੇ ਪੁਲੀਸ ਦੇ ਅਧਿਕਾਰੀਆਂ ਤੇ ਕਮਚਾਰੀਆਂ ਨੇ ਹਿੱਸਾ ਲਿਆ ਤੇ ਜੇਤੂ ਖਿਡਾਰੀਆਂ ਦਾ ਮੁੱਖ ਮਹਿਮਾਨ ਵਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ, ਜਿਲ੍ਹਾ ਸੈਸ਼ਨ ਜੱਜ ਹਰਪ੍ਰੀਤ ਕੌਰ ਜੀਵਨ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਸੋਨਾ ਥਿੰਦ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਹਰਜੋਤ ਕੌਰ, ਸਹਾਇਕ ਕਮਿਸ਼ਨਰ ਸ਼੍ਰੀ ਦੀਪਾਂਕਰ ਗਰਗ, ਐਸ. ਡੀ. ਐਮ. ਰੂਪਨਗਰ ਸ. ਜਸਵੀਰ ਸਿੰਘ, ਪੀ.ਸੀ.ਐਸ. ਸ਼੍ਰੀਮਤੀ ਹਰਜੋਤ ਕੌਰ, ਡੀ.ਐਮ.ਸੀ ਡਾ. ਬਲਦੇਵ ਸਿੰਘ ਅਤੇ ਪੁਲਿਸ ਪ੍ਰਸਾਸ਼ਨ ਤੋਂ ਐਸ.ਪੀ. ਹੈੱਡਕੁਆਟਰ ਸ. ਰਾਜਪਾਲ ਸਿੰਘ ਹੁੰਦਲ, ਐਸ ਪੀ (ਡੀ) ਮਨਵਿੰਦਰ ਬੀਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।