Action Against Mob Lynching

Action Against Mob Lynching Press Note dt 10th August 2018
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।
ਰੂਪਨਗਰ, 10 ਅਗਸਤ- ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਤੇ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਇੱਥੇ ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ, ਸ਼੍ਰੀ ਸਵਪਨ ਸ਼ਰਮਾ ਸੀਨੀਅਰ ਪੁਲਿਸ ਕਪਤਾਨ, ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਤੇ ਸ਼੍ਰੀ ਅਜਿੰਦਰ ਸਿੰਘ ਪੁਲਿਸ ਕਪਤਾਨ ਨੇ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਹਦਾਇਤ ਕੀਤੀ ਗਈ ਕਿ ਜ਼ਿਲ੍ਹੇ ਵਿੱਚ ਮੋਬ – ਲਿੰਚਿੰਗ ਹੋਣ ਦੀ ਸੂਰਤ ਵਿੱਚ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਤੁਰੰਤ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ।ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸੰਬਧੀ ਕੋਈ ਝੂਠੀ ਜਾਂ ਜ਼ਾਅਲੀ ਵੀਡਿਓ ਸ਼ੋਸ਼ਲ ਮੀਡੀਆ ਤੇ ਅਪਲੋਡ(ਵਾਇਰਲ) ਕਰਦਾ ਹੈ ਜਿਸ ਨਾਲ ਕਿ ਧਾਰਮਿਕ ਭਾਵਨਾਵਾਂ ਭੜਕ ਸਕਦੀਆਂ ਹਨ ਤਾਂ ਉਸ ਖਿਲਾਫ ਵੀ ਸਖਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਉਨ੍ਹਾਂ ਜਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਨੂੰ ਵੀ ਇਸ ਸਬੰਧੀ ਸਾਵਧਾਨੀ ਵਰਤਣ ਲਈ ਆਖਿਆ।
ਇਸ ਮੌਕੇ ਸ਼੍ਰੀ ਸਵਪਨ ਸ਼ਰਮਾ ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਕਿ ਇਸ ਮੰਤਵ ਲੋੜੀਦੀ ਕਾਰਵਾਈ ਕਰਨ ਹਿੱਤ ਸ਼੍ਰੀ ਅਜਿੰਦਰ ਸਿੰਘ ਪੁਲਿਸ ਕਪਤਾਨ ਨੂੰ ਨੋਡਲ ਅਫਸਰ ਅਤੇ ਸ਼੍ਰੀ ਰਾਜ ਕਪੂਰ ਉਪ ਪੁਲਿਸ ਕਪਤਾਨ ਨੂੰ ਸਹਾਇਕ ਨੋਡਲ ਅਫਸਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਮੁੱਖ ਥਾਣਾ ਅਫਸਰਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਜਦੋਂ ਵੀ ਉਨ੍ਹਾਂ ਦੇ ਨੋਟਿਸ ਵਿੱਚ ਕੋਈ ਅਜਿਹੀ ਗੱਲ ਆਉਂਦੀ ਤਾਂ ਉਹ ਇਸ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਨੋਡਲ ਅਫਸਰ ਅਤੇ ਸਹਾਇਕ ਨੋਡਲ ਅਫਸਰ ਦੇ ਨੋਟਿਸ ਵਿੱਚ ਇਸ ਘਟਨਾ ਬਾਰੇ ਜਾਣਕਾਰੀ ਦੇਣਗੇ। ਸਬੰਧਤ ਨੋਡਲ ਅਫਸਰ ਇਸ ਘਟਨਾ ਸਬੰਧੀ ਸਹੀ ਅਤੇ ਸਮਾਬੱਧ ਤਫਤੀਸ਼ ਕਰਦੇ ਹੋਏ ਕਾਰਵਾਈ ਕਰਨੀ ਯਕੀਨੀ ਬਣਾਉਣਗੇ ।