Close

Under the “Khet Bachao Abhiyan” campaign, Krishi Vigyan Kendra made farmers aware about the balanced use of fertilizers.

Publish Date : 03/06/2026
Under the “Khet Bachao Abhiyan” campaign, Krishi Vigyan Kendra made farmers aware about the balanced use of fertilizers.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

“ਖੇਤ ਬਚਾਓ ਅਭਿਆਨ” ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕੀਤਾ

ਰੂਪਨਗਰ, 03 ਜੂਨ: ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ), ਰੋਪੜ ਵੱਲੋਂ “ਖੇਤ ਬਚਾਓ ਅਭਿਆਨ” ਤਹਿਤ ਬਲਾਕ ਸ਼੍ਰੀ ਚਮਕੌਰ ਸਾਹਿਬ ਪਿੰਡ ਅਮਰਾਲੀ ਵਿਖੇ ਫਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

ਇਹ ਪ੍ਰੋਗਰਾਮ ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ, ਆਈ.ਸੀ.ਏ.ਆਰ.-ਅਟਾਰੀ ਜ਼ੋਨ-1 ਅਤੇ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਕੇ.ਵੀ.ਕੇ ਰੋਪੜ ਡਾ. ਸਤਬੀਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।

ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਡਾ. ਜਗਮਨਜੋਤ ਸਿੰਘ ਮਾਨ ਨੇ ਕਿਸਾਨਾਂ ਨੂੰ ਝੋਨੇ ਦੀ ਨਰਸਰੀ ਵਿੱਚ ਤੱਤਾਂ ਦੀ ਘਾਟ ਦੀ ਪਛਾਣ ਅਤੇ ਸਿਹਤਮੰਦ ਪਨੀਰੀ ਤਿਆਰ ਕਰਨ ਦੇ ਸੁਚੱਜੇ ਤਰੀਕੇ ਸਾਂਝੇ ਕੀਤੇ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖਾਦਾਂ ਦੀ ਵਰਤੋਂ ਮਿੱਟੀ ਦੀ ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਕੀਤੀ ਜਾਵੇ ਅਤੇ ਪੌਸ਼ਟਿਕ ਤੱਤਾਂ ਨੂੰ ਸਹੀ ਮਾਤਰਾ, ਸਹੀ ਸਮੇਂ ਅਤੇ ਸਹੀ ਢੰਗ ਨਾਲ ਮਿੱਟੀ ਵਿਚ ਪਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਜੇਕਰ ਕਣਕ ਦੀ ਫਸਲ ਨੂੰ ਯੂਨੀਵਰਸਿਟੀ ਦੀਆਂ ਸਿਫ਼ਾਰਸ਼ ਅਨੁਸਾਰ ਡੀ.ਏ.ਪੀ. ਖਾਦ ਪਾਈ ਹੋਵੇ ਤਾਂ ਉਸ ਤੋਂ ਬਾਅਦ ਝੋਨੇ ਲਈ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ। ਇਸ ਨਾਲ ਨਾ ਸਿਰਫ਼ ਖੇਤੀ ਲਾਗਤਾਂ ਵਿੱਚ ਕਮੀ ਆਉਂਦੀ ਹੈ, ਸਗੋਂ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਵੀ ਉਤਸ਼ਾਹ ਮਿਲਦਾ ਹੈ।

ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਉਰਵੀ ਸ਼ਰਮਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਝੋਨੇ ਦੀ ਪਨੀਰੀ ਵਿੱਚ ਵ੍ਹਾਈਟ-ਬੈਕਡ ਪਲਾਂਟ ਹੌਪਰ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਲੋੜ ਪੈਣ ’ਤੇ ਸਮੇਂ ਸਿਰ ਢੁੱਕਵੇਂ ਉਪਰਾਲੇ ਅਪਣਾਉਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਕੀੜੇ ਦੀ ਪ੍ਰਭਾਵਸ਼ਾਲੀ ਨਿਗਰਾਨੀ ਨਾਲ ਝੋਨੇ ਵਿੱਚ ਵਿਸ਼ਾਣੂ ਰੋਗ (ਮਧਰੇਪਨ) ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ।

ਪ੍ਰੋਫੈਸਰ (ਸਬਜ਼ੀ ਵਿਗਿਆਨ) ਡਾ. ਸੰਜੀਵ ਆਹੂਜਾ ਨੇ ਫਲਦਾਰ ਬੂਟਿਆਂ ਅਤੇ ਘਰੇਲੂ ਬਗੀਚੀ ਵਿੱਚ ਖਾਦਾਂ ਦੀ ਵਰਤੋਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਕਿਸਾਨ ਨੂੰ ਘਰੇਲੂ ਪੋਸ਼ਣ ਸੁਰੱਖਿਆ ਵਿੱਚ ਸੁਧਾਰ ਲਈ ਘਰੇਲੂ ਫ਼ਲ ਬਗੀਚੀ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਜਾਂਚ ਲਈ ਝੋਨੇ ਦੀ ਪਨੀਰੀ ਦੇ ਖੇਤ ਦੌਰੇ ਵੀ ਕੀਤੇ ਗਏ।